ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇੱਕ ਸਾਲ ਦਾ ਬੱਚਾ ਅਗਵਾ
ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਔਰਤ ਬੱਚਾ ਅਗਵਾ ਕਰ ਕੇ ਲੈ ਗਈ। ਉਕਤ ਔਰਤ ਆਪਣੇ ਸਾਥੀ ਨਾਲ ਬੱਚੇ ਨੂੰ ਲੈ ਕੇ ਫ਼ਰਾਰ ਹੋਈ ਹੈ ਜਿਸ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸ਼ਿਕਾਇਤ ਮਿਲਣ ਮਗਰੋਂ ਇਸ ਸਬੰਧੀ ਜੀਆਰਪੀ ਪੁਲੀਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਨਟਾ 16 ਸਤੰਬਰ ਨੂੰ ਦੇਰ ਰਾਤ 2.15 ਵਜੇ ਵਾਪਰੀ।
ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਯੂਪੀ ਦੇ ਰਹਿਣ ਵਾਲੇ ਹਨ ਤੇ 16 ਸਤੰਬਰ ਨੂੰ ਉਹ ਆਪਣੇ ਦੋ ਬੱਚਿਆਂ ਨਾਲ ਰਾਜ ਤੇ ਸੰਸਕਾਰ ਨਾਲ ਇਥੇ ਪੁੱਜੇ ਸਨ। ਦੇਰ ਹੋਣ ਕਾਰਨ ਉਹ ਬੁਕਿੰਗ ਖਿੜਕੀ ਨੇੜੇ ਬਿਸਤਰੇ ਲਾ ਕੇ ਸੋ ਗਏ। ਇਸ ਦੌਰਾਨ ਇੱਕ ਔਰਤ ਤੇ ਵਿਅਕਤੀ ਵੀ ਆ ਕੇ ਨੇੜੇ ਹੀ ਸੋ ਗਏ ਪਰ ਜਦੋਂ ਉਹ ਸਵੇਰੇ ਜਾਗੀ ਤਾਂ ਉਸ ਦਾ ਇੱਕ ਸਾਲ ਦਾ ਬੱਚਾ ਗਾਇਬ ਸੀ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਆਸਪਾਸ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ। ਇਸ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਰਾਤ ਕਰੀਬ 11 ਵਜੇ ਰੇਲਵੇ ਸਟੇਸ਼ਨ ’ਚ ਦਾਖਲ ਹੋਈ ਤੇ ਰਾਤ 2 ਵਜੇ ਉਹ ਬੱਚੇ ਦੀ ਮਾਂ ਕੋਲ ਜਾ ਕੇ ਬੈਠ ਗਈ। ਕੁਝ ਹੀ ਪਲਾਂ ਵਿੱਚ ਔਰਤ ਨੇ ਮੌਕਾ ਵੇਖ ਕੇ ਬੱਚੇ ਨੂੰ ਚੁੱਕਿਆ ਤੇ ਫਰਾਰ ਹੋ ਗਈ। ਦੋਵੇਂ ਮੁਲਜ਼ਮ ਸ਼ਰਾਬ ਦੇ ਠੇਕੇ ਵੱਲ ਜਾ ਕੇ ਆਟੋ ਰਾਹੀਂ ਚਲੇ ਗਏ।
ਟੀਮਾਂ ਬੱਚੇ ਦੀ ਭਾਲ ਕਰ ਰਹੀਆਂ ਹਨ: ਐੱਸ ਐੱਚ ਓ
ਜੀਆਰਪੀ ਦੇ ਐੱਸਐੱਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਦਾਰ ਰਾਤ 3 ਵਜੇ ਤੋਂ ਪੁਲੀਸ ਦੀਆਂ ਟੀਮਾਂ ਬੱਚੇ ਨੂੰ ਲੱਭਣ ਵਿੱਚ ਲੱਗੀਆਂ ਹੋਈਆਂ ਹਨ। ਇਸ ਮਾਮਲੇ ਵਿੱਚ ਲੁਧਿਆਣਾ ਪੁਲੀਸ ਦੀ ਵੀ ਮਦਦ ਲਈ ਜਾ ਰਹੀ ਹੈ।