ਅੱਖਾਂ ਦੇ ਜਾਂਚ ਕੈਂਪ ਵਿੱਚ ਸਵਾ ਸੌ ਮਰੀਜ਼ਾਂ ਦੀ ਜਾਂਚ
ਇਥੋਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਥਾਨਕ ਲੰਮਿਆਂ ਵਾਲਾ ਬਾਗ ਵਿਖੇ 69ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਾਇਆ ਗਿਆ। ਮਰਹੂਮ ਅਮਿਤ ਅਰੋੜਾ ਅਤੇ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿੱਚ ਲਾਏ ਇਸ ਕੈਂਪ ਦੌਰਾਨ ਕੁੱਲ 127 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ 54 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਹੋਈ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਾਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਾਏ ਇਸ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨਾਲ ਮਿਲ ਕੇ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਅਪਾਰ, ਪ੍ਰਿੰ. ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਮਿੰਕੀ ਆਦਿ ਵੀ ਉਨ੍ਹਾਂ ਦੇ ਨਾਲ ਸਨ। ਸਾਬਕਾ ਵਿਧਾਇਕ ਕਲੇਰ ਨੇ ਭੰਡਾਰੀ ਪਰਿਵਾਰ ਵਲੋਂ ਹਰੇਕ ਸਾਲ ਆਪਣੇ ਪਿਤਾ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਲਗਾਏ ਜਾਂਦੇ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀਆਂ ਬਰਸੀਆਂ ਮਨਾਉਣ ਮੌਕੇ ਲੋੜਵੰਦਾਂ ਦੀ ਮਦਦ ਲਈ ਅਜਿਹੇ ਪ੍ਰਾਜੈਕਟ ਲਾਉਣੇ ਜ਼ਰੂਰੀ ਹਨ। ਇਸ ਮੌਕੇ ਅਮਿਤ ਅਰੋੜਾ ਅਤੇ ਜਗਜੀਤ ਸਿੰਘ ਭੰਡਾਰੀ ਦੇ ਸਮਾਜ ਸੇਵੀ ਕੰਮਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰੇਕ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ। ਹੁਣ ਤੱਕ ਲਗਾਏ 68 ਕੈਂਪਾਂ ਵਿੱਚ 3600 ਦੇ ਕਰੀਬ ਵਿਅਕਤੀਆਂ ਨੂੰ ਅੱਖਾਂ ਦੀ ਰੌਸ਼ਨੀ ਪ੍ਰਾਪਤ ਹੋਈ ਹੈ। ਇਸ ਮੌਕੇ ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਸੁਖਦੇਵ ਗਰਗ, ਪਰਵੀਨ ਮਿੱਤਲ, ਕਪਿਲ ਸ਼ਰਮਾ, ਜਸਵੰਤ ਸਿੰਘ, ਪ੍ਰੇਮ ਬਾਂਸਲ, ਸਤੀਸ਼ ਗਰਗ, ਆਰਕੇ ਗੋਇਲ, ਮੁਕੇਸ਼ ਗੁਪਤਾ, ਲਾਕੇਸ਼ ਟੰਡਨ ਆਦਿ ਹਾਜ਼ਰ ਸਨ।
