ਕਰੇਟਾ ਤੇ ਸਵਿਫਟ ਦੀ ਟੱਕਰ ’ਚ ਇੱਕ ਹਲਾਕ
ਗਗਨਦੀਪ ਅਰੋੜਾ
ਲੁਧਿਆਣਾ, 28 ਜੂਨ
ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਤੇਜ਼ ਰਫ਼ਤਾਰ ਕਰੇਟਾ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਰੇਟਾ ਬੁਰੀ ਤਰ੍ਹਾਂ ਟੁੱਟ ਗਈ ਤੇ ਇਸ ’ਚ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਪੇਸ਼ੇ ਵਜੋਂ ਡਾਕਟਰ ਸੀ ਤੇ ਜਮਾਲਪੁਰ ਇਲਾਕੇ ਦਾ ਰਹਿਣ ਵਾਲਾ ਸੀ। ਸਵਿਫਨ ਕਾਰ ਵਿੱਚ ਸਵਾਰ ਪੰਜ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਮੁਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਹਾਦਸੇ ਦੀ ਸੂਚਨਾ ਮਿਲਣ ਮਗਰੋਂ ਸਰਾਭਾ ਨਗਰ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਕਾਰਾਂ ਕਬਜ਼ੇ ਹੇਠ ਲੈ ਲਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਕਿਸੇ ਕੰਮ ਜਗਰਾਉਂ ਜਾ ਰਿਹਾ ਸੀ ਤੇ ਵੇਰਕਾ ਮਿਲਕ ਪਲਾਂਟ ਕੋਲ ਕਾਰ ਬੇਕਾਬੂ ਹੋ ਗਈ। ਪਹਿਲਾਂ ਕਰੇਟਾ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਮਗਰੋਂ ਸਾਹਮਣੇ ਤੋਂ ਆ ਰਹੀ ਸਵਿਫਟ ਨਾਲ ਜਾ ਟਕਰਾਈ। ਟੱਕਰ ਵਿੱਚ ਕਰੇਟਾ ਪਲਟ ਗਈ ਤੇ ਬੁਰੀ ਤਰ੍ਹਾਂ ਟੁੱਟ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਜਦੋਂ ਗਗਨਦੀਪ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸੇ ਦੌਰਾਨ ਸਵਿਫਟ ਕਾਰ ਦੇ ਪਿਛਲੇ ਦੋਵੇਂ ਟਾਇਰ ਫਟ ਗਏ ਤੇ ਇਸ ’ਚ ਸਵਾਰ ਪੰਜ ਜਣੇ ਜ਼ਖ਼ਮੀ ਹੋ ਗਏ। ਲੋਕਾਂ ਨੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਸਵਿਫਟ ਸਵਾਰ ਦੇ ਸਵਾਰ ਫਤਿਹਾਬਾਦ ਤੋਂ ਜਲੰਧਰ ਸਮਾਗਮ ਲਈ ਆਏ ਸਨ ਤੇ ਰਾਤ ਪੈਣ ਕਾਰਨ ਲੁਧਿਆਣਾ ਰੁਕੇ ਸਨ। ਅੱਜ ਉਹ ਫਤਿਹਾਬਾਦ ਵਾਪਸ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰਿਆ। ਹਾਦਸੇ ਵਾਲੀ ਥਾਂ ’ਤੇ ਟਰੈਫਿਕ ਟੋਅ ਵੈਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਅਵਾਜਾਈ ਬਹਾਲ ਕੀਤੀ ਗਈ।