ਤੇਲ ਟੈਂਕਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ
ਭਾਰਤੀ ਹਵਾਈ ਸੈਨਾ ਹਲਵਾਰਾ ਦੇ ਕੰਪਲੈਕਸ ਗੇਟ ਨੇੜੇ ਵੀਰਵਾਰ ਦੇਰ ਰਾਤ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਮਨਦੀਪ ਵਰਮਾ ਵਾਸੀ ਪੱਖੋਵਾਲ ਵਜੋਂ ਹੋਈ ਹੈ। ਚਸ਼ਮਦੀਦ ਦੁਕਾਨਦਾਰਾਂ ਅਨੁਸਾਰ ਮਨਦੀਪ ਵਰਮਾ ਮੋਟਰਸਾਈਕਲ ’ਤੇ ਮੁੱਲਾਂਪੁਰ ਤੋਂ ਹਲਵਾਰਾ ਵੱਲ ਜਾ ਰਿਹਾ ਸੀ। ਹਵਾਈ ਸੈਨਾ ਦੇ ਘਰੇਲੂ ਕੰਪਲੈਕਸ ਦੇ ਗੇਟ ਸਾਹਮਣੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਬਣੇ ਹੰਪ (ਸਪੀਡ ਬਰੇਕਰ) ਮੋਟਰਸਾਈਕਲ ਸਵਾਰ ਦੀ ਮੌਤ ਦਾ ਕਰਨ ਬਣ ਗਏ ਅਤੇ ਮੋਟਰਸਾਈਕਲ ਸਵਾਰ ਸੰਤੁਲਨ ਗੁਆ ਬੈਠਾ ਅਤੇ ਸੜਕ ਉਪਰ ਡਿੱਗ ਪਿਆ। ਇਸੇ ਦੌਰਾਨ ਪਿੱਛੇ ਤੋਂ ਆ ਰਿਹਾ ਤੇਲ ਟੈਂਕਰ ਉਸ ਨੂੰ ਦਰੜ ਕੇ ਅੱਗੇ ਨਿਕਲ ਗਿਆ, ਜਿਸ ਕਾਰਨ ਮਨਦੀਪ ਵਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਸ਼ਮਦੀਦ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਹਾਈਵੇ ਉਪਰ ਬਣਿਆ ਇਹ ਗ਼ੈਰ-ਕਾਨੂੰਨੀ ਸਪੀਡ ਬਰੇਕਰ ਆਏ ਦਿਨ ਰਾਹਗੀਰਾਂ ਦੀ ਜਾਨ ਦਾ ਖੌਅ ਬਣ ਗਿਆ ਹੈ। ਅਸ਼ਵਨੀ ਕੁਮਾਰ ਵਾਸੀ ਹਲਵਾਰਾ ਅਨੁਸਾਰ ਮਨਦੀਪ ਵਰਮਾ ਪੱਖੋਵਾਲ ਵਿੱਚ ਗਹਿਣਿਆਂ ਦੀ ਦੁਕਾਨ ਕਰਦਾ ਹੈ ਤੇ ਆਪਣੇ ਭਰਾ ਦੇ ਸਹੁਰੇ ਮੁੱਲਾਂਪੁਰ ਤੋਂ ਵਾਪਸ ਆ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਹੈ। ਸੁਧਾਰ ਪੁਲੀਸ ਅਨੁਸਾਰ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਤੇਲ ਟੈਂਕਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਦਿੱਤੀ ਹੈ।
