ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਈਕਲ ਜਥੇਬੰਦੀ ਦੇ ਸੰਵਿਧਾਨ ਵਿੱਚ ਸੋਧ ਕਰਨ ਖ਼ਿਲਾਫ਼ ਡਟੇ ਅਹੁਦੇਦਾਰ

ਗੁਰਿੰਦਰ ਸਿੰਘ ਲੁਧਿਆਣਾ, 17 ਜੁਲਾਈ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਵੱਲੋਂ ਜਥੇਬੰਦੀ ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਬੁਲਾਏ ਗਏ ਵਿਸ਼ੇਸ਼ ਇਜਲਾਸ ਦਾ ਜਥੇਬੰਦੀ ਦੇ ਕਈ ਅਹੁਦੇਦਾਰਾਂ ਵੱਲੋਂ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ...
Advertisement

ਗੁਰਿੰਦਰ ਸਿੰਘ

ਲੁਧਿਆਣਾ, 17 ਜੁਲਾਈ

Advertisement

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਵੱਲੋਂ ਜਥੇਬੰਦੀ ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਬੁਲਾਏ ਗਏ ਵਿਸ਼ੇਸ਼ ਇਜਲਾਸ ਦਾ ਜਥੇਬੰਦੀ ਦੇ ਕਈ ਅਹੁਦੇਦਾਰਾਂ ਵੱਲੋਂ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਡੀਐੱਸ ਚਾਵਲਾ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਸੀਨੀਅਰ ਆਗੂਆਂ ਦੀ ਸਲਾਹ ਨਾਲ ਸੰਵਿਧਾਨ ਵਿੱਚ ਦਰਜ ਮੱਦਾਂ ਦੇ ਆਧਾਰ ’ਤੇ ਸੋਧ ਕਰਨ ਲਈ ਵਿਸ਼ੇਸ਼ ਇਜਲਾਸ 21 ਜੁਲਾਈ ਨੂੰ ਬੁਲਾਇਆ ਗਿਆ ਹੈ ਪਰ ਕੁੱਝ ਲੋਕ ਸਿਰਫ਼ ਆਪਣੀ ਵਿਰੋਧਤਾ ਦੀ ਨੀਤੀ ਤਹਿਤ ਇਜਲਾਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੋਧ ਤਹਿਤ ਜਥੇਬੰਦੀ ਦੇ ਸਿਰਫ਼ ਪ੍ਰਧਾਨ ਦੀ ਚੋਣ ਕਰਾਉਣ ਦਾ ਏਜੰਡਾ ਹੈ। ਪ੍ਰਧਾਨ ਵੱਲੋਂ ਆਪਣੇ ਬਾਕੀ ਅਹੁਦੇਦਾਰਾਂ ਦਾ ਐਲਾਨ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸੋਧ ਸੰਵਿਧਾਨ ਅਨੁਸਾਰ ਹੀ ਕਰਾਉਣ ਲਈ ਇਜਲਾਸ ਬੁਲਾਇਆ ਗਿਆ ਹੈ। ਉਨ੍ਹਾਂ ਹਵਾਲਾ ਦਿੱਤਾ ਕਿ ਇਸ ਸੋਧ ਦਾ ਵਿਰੋਧ ਕਰਨ ਵਾਲੇ ਕਈ ਆਗੂ ਪਹਿਲਾਂ ਹੋਰ ਕਈ ਜਥੇਬੰਦੀਆਂ ਦੇ ਅਹੁਦੇਦਾਰ ਰਹਿ ਚੁੱਕੇ ਹਨ, ਜਿਨ੍ਹਾਂ ਵੱਲੋਂ ਸਿਰਫ਼ ਪ੍ਰਧਾਨ ਦੀ ਚੋਣ ਹੀ ਕਰਵਾਈ ਜਾਂਦੀ ਹੈ।

ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਜਥੇਬੰਦੀ ਦੇ ਸਾਰੇ ਅਹੁਦੇਦਾਰ ਪ੍ਰਧਾਨ ਨਾਲ ਸਬੰਧਤ ਹੋਣਗੇ ਤਾਂ ਜਥੇਬੰਦੀ ਦਾ ਕੰਮ ਵਧੀਆ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਨਾਲ ਅਹੁਦੇਦਾਰ ਵੱਖਰੀ ਸੁਰ ਵਾਲੇ ਹੋਣਗੇ ਤਾਂ ਇਸ ਨਾਲ ਜਥੇਬੰਦੀ ਦੇ ਕੰਮ ਸਰਬਸੰਮਤੀ ਨਾਲ ਹੋਣ ਦੀ ਥਾਂ ਆਪਸੀ ਕੁੜੱਤਣ ਅਤੇ ਵਿਰੋਧਤਾ ਵਾਲੀ ਨੀਤੀ ਤਹਿਤ ਹੋਣਗੇ।

ਦੂਜੇ ਪਾਸੇ ਅਹੁਦੇਦਾਰਾਂ ਮਨਜਿੰਦਰ ਸਿੰਘ ਸਚਦੇਵਾ ਜਨਰਲ ਸਕੱਤਰ, ਗੁਰਚਰਨ ਸਿੰਘ ਜੈਮਕੋ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੱਕੜ ਮੀਤ ਪ੍ਰਧਾਨ, ਰੂਪਕ ਸੂਦ ਸਕੱਤਰ, ਵਲੈਤੀ ਰਾਮ ਸੰਯੁਕਤ ਸਕੱਤਰ ਅਤੇ ਰਜਿੰਦਰ ਸਿੰਘ ਸਰਹਾਲੀ ਪ੍ਰਚਾਰ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਡੀ.ਐਸ. ਚਾਵਲਾ ਵੱਲੋਂ ਜਥੇਬੰਦੀ ਦੇ ਸੰਵਿਧਾਨ ਵਿੱਚ ਬਦਲਾਅ ਕਰਕੇ ਐਸੋਸੀਏਸ਼ਨ ਵਿੱਚ ਤਾਨਾਸ਼ਾਹੀ ਕਰ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਸਿਰਫ਼ ਪ੍ਰਧਾਨ ਦੀ ਚੋਣ ਹੀ ਹੋਵੇਗੀ, ਨਾ ਕਿ ਅੱਠ ਅਹੁਦਿਆਂ ਲਈ। ਉਨ੍ਹਾਂ ਕਿਹਾ ਕਿ ਸਾਰੇ ਅਹੁਦੇਦਾਰ ਪਹਿਲਾਂ ਹੀ ਸੰਵਿਧਾਨ ਵਿੱਚ ਤਬਦੀਲੀ ਦਾ ਵਿਰੋਧ ਕਰ ਚੁੱਕੇ ਹਨ। ਇਸਤੋਂ ਇਲਾਵਾ ਵਿਸ਼ੇਸ਼ ਇਜਲਾਸ ਵਿੱਚ ਗੁਪਤ ਬੈਲਟ ਪੇਪਰ ਵੋਟਿੰਗ ਦੀ ਬਜਾਏ ਸੰਵਿਧਾਨ ਨੂੰ ਬਦਲਣ ਦੇ ਫ਼ੈਸਲੇ ਦੀ ਪ੍ਰਵਾਨਗੀ ਲਈ ਰਾਈਜ਼ ਹੈਂਡ ਵੋਟਿੰਗ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜੋ ਕਿ ਗੈਰ-ਵਾਜ਼ਬਿ ਹੈ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਥੇਬੰਦੀ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਪ੍ਰਧਾਨ ਦੇ ਤਾਨਾਸ਼ਾਹੀ ਵਾਲੇ ਰਵੱਈਏ ਦਾ ਡੱਟ ਕੇ ਵਿਰੋਧ ਕਰਨ।

Advertisement
Tags :
ਅਹੁਦੇਦਾਰਸੰਵਿਧਾਨਸਾਈਕਲਖ਼ਿਲਾਫ਼ਜਥੇਬੰਦੀਵਿੱਚ
Show comments