ਨਰਸ ਵੱਲੋਂ ਸ਼ੱਕੀ ਹਾਲਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ
ਸ਼ਹਿਰ ਦੇ ਸਰਾਭਾ ਨਗਰ ਹਸਪਤਾਲ ਵਿੱਚ ਨਰਸ ਗੁਰਦੀਪ ਕੌਰ (32) ਨੇ ਸੋਮਵਾਰ ਨੂੰ ਸ਼ੱਕੀ ਹਾਲਤ ਵਿੱਚ ਫਾਹਾ ਲੈ ਕੇ ਕਥਿਤ ਖੁਦਕੁਸ਼ੀ ਕਰ ਲਈ ਹੈ। ਹਸਪਤਾਲ ਦੇ ਸਾਥੀ ਕਰਮਚਾਰੀਆਂ ਨੇ ਲਾਸ਼ ਲਟਕਦੀ ਦੇਖ ਕੇ ਰੌਲਾ ਪਾਇਆ ਤੇ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ। ਹਸਪਤਾਲ ਪ੍ਰਸ਼ਾਸਨ ਦੀ ਜਾਣਕਾਰੀ ਮਗਰੋਂ ਥਾਣਾ ਡਿਵੀਜ਼ਨ 5 ਦੀ ਪੁਲੀਸ ਨੇ ਗੁਰਦੀਪ ਕੌਰ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਗੁਰਦੀਪ ਕੌਰ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਨੇ ਹਸਪਤਾਲ ਪ੍ਰਸ਼ਾਸਨ ਤੋਂ ਪ੍ਰੇਸ਼ਾਨ ਹੋ ਕੇ ਅਜਿਹਾ ਕਦਮ ਚੁੱਕਿਆ ਹੈ। ਬਾਕੀ ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਗੁਰਦੀਪ ਕੌਰ ਪਿਛਲੇ ਦਸ ਸਾਲਾਂ ਤੋਂ ਹਸਪਤਾਲ ਵਿੱਚ ਸਟਾਫ਼ ਨਰਸ ਸੀ। ਉਹ ਇੱਥੇ ਇੱਕ ਪੀਜੀ ਵਿੱਚ ਰਹਿੰਦੀ ਸੀ। 9 ਅਗਸਤ ਦੀ ਸ਼ਾਮ ਨੂੰ ਘਰ ਵਾਪਸ ਆਈ। ਸੋਮਵਾਰ ਨੂੰ ਉਹ ਆਮ ਵਾਂਗ ਹਸਪਤਾਲ ਪਹੁੰਚੀ ਅਤੇ ਦੁਪਹਿਰ ਤੱਕ ਸਭ ਕੁਝ ਠੀਕ ਸੀ। ਦੁਪਹਿਰ ਤੋਂ ਬਾਅਦ, ਉਸ ਨੇ ਹਸਪਤਾਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੁਰਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਨੂੰ ਕੁੱਟਿਆ ਗਿਆ ਸੀ ਅਤੇ ਕੁੱਟਮਾਰ ਤੋਂ ਬਾਅਦ, ਉਸਦਾ ਕਤਲ ਕਰਕੇ ਲਾਸ਼ ਨੂੰ ਲਟਕਾਇਆ ਗਿਆ ਹੈ। ਜਦੋਂ ਹਸਪਤਾਲ ਪ੍ਰਸ਼ਾਸਨ ਤੋਂ ਫੁਟੇਜ ਮੰਗੀ ਗਈ ਤਾਂ ਉਨ੍ਹਾਂ ਕਿਹਾ ਕਿ ਕੈਮਰਾ ਤਿੰਨ ਦਿਨ ਪਹਿਲਾਂ ਤੋਂ ਕੰਮ ਨਹੀਂ ਕਰ ਰਿਹਾ ਸੀ। ਥਾਣਾ ਡਿਵੀਜ਼ਨ ਪੰਜ ਦੇ ਐੱਸਐੱਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ ਹੈ। ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
