ਸਨਅਤੀ ਇਲਾਕਿਆਂ ਦੀ ਖਸਤਾ ਹਾਲਤ ’ਤੇ ਨਹੀਂ ਕਿਸੇ ਦਾ ਧਿਆਨ
ਸਮਾਰਟ ਸਿਟੀ ਦੇ ਸਨਅਤੀ ਇਲਾਕਿਆਂ ਦੀ ਮੰਦੀ ਹਾਲਤ ਕਾਰਨ ਜਿੱਥੇ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ ਉਥੇ ਇਨ੍ਹਾਂ ਇਲਾਕਿਆਂ ਦੀ ਮੂੰਹ ਬੋਲਦੀ ਤਸਵੀਰ ਸਮਾਰਟ ਸਿਟੀ ਦੇ ਮੱਥੇ ਤੇ ਇੱਕ ਕਾਲ਼ੇ ਦਾਗ਼ ਵਾਂਗ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਇਲਾਕਿਆਂ ਦੀ ਹਾਲਤ ਸੁਧਾਰਨ ਵੱਲ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।
ਸਨਅਤੀ ਇਲਾਕਿਆਂ ਢੰਡਾਰੀ ਕਲਾਂ, ਢੰਡਾਰੀ ਖੁਰਦ, ਗਿਆਸਪੁਰਾ, ਸ਼ੇਰਪੁਰ ਅਤੇ ਟਰਾਂਸਪੋਰਟ ਨਗਰ ਦੀਆਂ ਟੁੱਟੀਆਂ ਸੜਕਾਂ ਵਿੱਚ ਪਏ ਹੋਏ ਵੱਡੇ ਵੱਡੇ ਟੋਏ ਅਤੇ ਉਨ੍ਹਾਂ ਵਿੱਚ ਖੜ੍ਹਾ ਬਰਸਾਤੀ ਪਾਣੀ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਅਤੇ ਹਰ ਰੋਜ਼ ਹੁੰਦੇ ਹਾਦਸਿਆਂ ਵਿੱਚ ਰਾਹਗੀਰ ਆਪਣੀਆਂ ਲੱਤਾਂ ਬਾਹਾਂ ਤੁੜਵਾ ਰਹੇ ਹਨ ਕਿਉਂਕਿ ਇੱਥੋਂ ਦੋ ਪਹੀਆਂ ਵਾਹਨਾਂ ਦੇ ਨਾਲ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੀ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਸਕੂਲ ਜਾਂਦੇ ਬੱਚੇ ਤਾਂ ਕਈ ਵਾਰ ਬਿਨਾਂ ਸਕੂਲ ਗਿਆਂ ਹੀ ਵਾਪਸ ਘਰ ਆ ਜਾਂਦੇ ਹਨ ਕਿਉਂਕਿ ਜਦੋਂ ਉਹ ਗੰਦੇ ਪਾਣੀ ਤੋਂ ਬੱਚਦੇ ਹੋਏ ਆਪਣੀ ਮੰਜ਼ਿਲ ਵੱਲ ਵਧਦੇ ਹਨ ਤਾਂ ਕੋਈ ਨਾਂ ਕੋਈ ਵਾਹਨ ਚਾਲਕ ਗੰਦੇ ਪਾਣੀ ਵਿੱਚੋਂ ਗੁਜ਼ਰਦਿਆਂ ਗੰਦੇ ਪਾਣੀ ਦੇ ਛਿੱਟੇ ਉਨ੍ਹਾਂ ਦੀ ਸਕੂਲ ਵਰਦੀ ’ਤੇ ਪਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਘਰ ਪਰਤਣਾ ਪੈਂਦਾ ਹੈ।
ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿੱਥੇ ਪਾਣੀ ਸੜਕ ਦੇ ਟੋਇਆਂ ਵਿੱਚ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ ਉਥੇ ਨੀਵੇਂ ਇਲਾਕਿਆਂ ਦੀ ਹਾਲਤ ਤਾਂ ਬਦ ਤੋਂ ਵੀ ਬੱਦਤਰ ਹੈ। ਕਈ ਵਾਰ ਪਾਣੀ ਫ਼ੈਕਟਰੀਆਂ ਦੇ ਅੰਦਰ ਵੀ ਵੜ੍ਹ ਜਾਂਦਾ ਹੈ ਜਿਸ ਨਾਲ ਲੋਕਾਂ ਦਾ ਕਾਫ਼ੀ ਆਰਥਿਕ ਨੁਕਸਾਨ ਵੀ ਹੁੰਦਾ ਹੈ। ਸਰਕਾਰ ਨੂੰ ਭਾਰੀ ਟੈਕਸ ਅਦਾ ਕਰਨ ਵਾਲੇ ਸਨਅਤਕਾਰ ਇਨ੍ਹਾਂ ਅਣਗੌਲੇ ਇਲਾਕਿਆਂ ਨੂੰ ਲੈਕੇ ਕਈ ਵਾਰ ਸਿਆਸੀ ਆਗੂਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਕੇ ਇਲਾਕੇ ਦੀ ਹਾਲਤ ਸੁਧਾਰਣ ਦੀ ਮੰਗ ਕਰ ਚੁੱਕੇ ਹਨ ਪਰ ਹਰ ਵਾਰ ਝੂਠੇ ਵਾਅਦਿਆਂ ਅਤੇ ਦਾਅਵਿਆਂ ਤੋਂ ਬਿਨਾਂ ਹੋਰ ਕੁੱਝ ਵੀ ਉਨ੍ਹਾਂ ਦੇ ਪੱਲੇ ਨਹੀਂ ਪਿਆ।
ਸਿੱਤਮ ਦੀ ਗੱਲ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਨਾ ਹੋਣ ਕਾਰਨ ਲੁਟੇਰਿਆਂ ਦਾ ਵੀ ਚੰਗਾ ਕੰਮ ਚੱਲ ਰਿਹਾ ਹੈ। ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਲੁੱਟ ਖੋਹ ਤਾਂ ਆਮ ਹੈ। ਸਨਅਤੀ ਜਥੇਬੰਦੀਆਂ ਦੇ ਆਗੂ ਕਈ ਵਾਰ ਉੱਚ ਪੁਲੀਸ ਅਧਿਕਾਰੀਆਂ ਨੂੰ ਮਿਲਕੇ ਇਨ੍ਹਾਂ ਇਲਾਕਿਆਂ ਵਿੱਚ ਗਸ਼ਤ ਦੀ ਮੰਗ ਕਰ ਚੁੱਕੇ ਹਨ ਪਰ ਗਸ਼ਤ ਕੁੱਝ ਦਿਨ ਤਾਂ ਹੁੰਦੀ ਹੈ ਪਰ ਮੁੜ ਬੰਦ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਅਪਰਾਧਿਕ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ।
ਇਨ੍ਹਾਂ ਇਲਾਕਿਆਂ ਦੀ ਮਾੜੀ ਹਾਲਤ ਸਬੰਧੀ ਜਦੋਂ ਮੇਅਰ ਇੰਦਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਰਸਾਤਾਂ ਕਾਰਨ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਮੰਦੀ ਹਾਲਤ ਵਾਲੀਆਂ ਸੜਕਾਂ ਦੀ ਸ਼ਿਨਾਖਤ ਕਰ ਲਈ ਗਈ ਹੈ ਅਤੇ ਜਲਦੀ ਹੀ ਮੁਰੰਮਤ ਦਾ ਕੰਮ ਸ਼ੁਰੂ ਕਰ ਲਿਆ ਜਾਵੇਗਾ।