ਸਰਕਾਰੀ ਦਰੱਖ਼ਤ ਵੱਢਣ ਵਾਲਿਆਂ ਖ਼ਿਲਾਫ਼ ਨਹੀਂ ਹੋਈ ਕਾਰਵਾਈ
ਨੇੜਲੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਅੱਜ ਇਥੇ ਦੱਸਿਆ ਕਿ ਵਣ ਮੰਡਲ ਲੁਧਿਆਣਾ ਵੱਲੋਂ ਆਰ ਟੀ ਆਈ ਤਹਿਤ ਮੰਗੀ ਗਈ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਵਿਭਾਗ ਵੱਲੋਂ ਰੇਂਜ ਦੋਰਾਹਾ ਤੇ ਬਲਾਕ ਖੰਨਾ ਦੇ ਅਧੀਨ ਪੈਂਦੇ ਰਜਵਾਹਿਆਂ, ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ, ਡਰੇਨਾਂ, ਮਾਈਨਰ ਨਾਲ ਲੱਗਦੀ ਵਣ ਵਿਭਾਗ ਦੀ ਜ਼ਮੀਨ ’ਤੇ ਇੰਡੀਅਨ ਫੋਰੇਸਟ ਐਕਟ 1927, ਫੋਰੇਸਟ ਕੋਨਸਰਵੇਸ਼ਨ ਐਕਟ 1980, ਲਾਇਫ ਪ੍ਰੋਟੈਕਸ਼ਨ ਐਕਟ 1972, ਤਰਮੀਮ ਸ਼ੁਦਾ 1988, ਪਰਾਲੀ ਐਕਟ 2020 ਦੇ ਅਧੀਨ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਰਟ ਦਿੱਲੀ ਦੇ ਹੁਕਮਾਂ ਤਹਿਤ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਣ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਕਾਨੂੰਨ ਦੀ ਕਿੰਨੀ ਪਾਲਣਾ ਕਰਦੇ ਹਨ। ਬੈਨੀਪਾਲ ਨੇ ਦੱਸਿਆ ਕਿ ਬਲਾਕ ਖੰਨਾ ’ਚ ਸਿਰਫ਼ ਇੱਕ ਅੱਗ ਲਗਾਉਣ ਵਾਲੇ ਵਿਅਕਤੀ ਦਾ ਚਲਾਨ 5 ਜੂਨ 2025 ਨੂੰ ਕਰਕੇ ਖ਼ਾਨਾਪੂਰਤੀ ਕੀਤੀ ਹੈ। ਰਿਕਾਰਡ ਮੁਤਾਬਕ ਅੱਗ ਲਗਾਉਣ ਵਾਲੇ ਵਿਅਕਤੀ ਤੋਂ ਵਿਭਾਗ ਨੇ ਨਾ ਤਾਂ ਕੋਈ ਜੁਰਮਾਨਾ ਵਸੂਲਿਆ ਹੈ ਅਤੇ ਨਾ ਹੀ ਉਸ ਵਿਅਕਤੀ ਦੇ ਖ਼ਿਲਾਫ਼ ਕੋਈ ਪੁਲੀਸ ਕੇਸ ਦਰਜ ਕਰਵਾਇਆ ਹੈ।
ਬੈਨੀਪਾਲ ਨੇ ਅੱਗੇ ਦੱਸਿਆ ਕਿ ਵਣ ਵਿਭਾਗ ਨੇ ਸਾਲ 2023 ’ਚ ਬੂਟੇ ਨਸ਼ਟ ਦੇ ਸਿਰਫ਼ 4 ਚਲਾਨ ਤੇ ਸਾਲ 2025 ’ਚ ਬੂਟੇ ਨਸ਼ਟ ਦੇ ਸਿਰਫ਼ 3 ਚਲਾਨ ਕਰ ਕੇ ਵਿਭਾਗ ਨੇ ਖ਼ਾਨਾਪੂਰਤੀ ਕੀਤੀ ਹੈ, ਜਦਕਿ ਸਾਲ 2024 ਵਿੱਚ ਵਿਭਾਗ ਵੱਲੋਂ ਬੂਟੇ ਨਸ਼ਟ ਕਰਨ ਵਾਲਿਆਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬੈਨੀਪਾਲ ਤੇ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਰੇਂਜ ਦੋਰਾਹਾ ਦੀ ਕਾਰਜਪ੍ਰਣਾਲੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜੰਗਲਾਤ ਵਿਭਾਗ ਨੂੰ ਚੂਨਾ ਲਗਵਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਕਬਜਾਧਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਵਣ ਰੇਂਜ ਅਫ਼ਸਰ ਦੋਰਾਹਾ ਬੋਹੜ ਸਿੰਘ ਬੁੱਟਰ ਨੇ ਕਿਹਾ ਕਿ ਉਨ੍ਹਾਂ ਕੋਲੋਂ ਮੰਗੀ ਗਈ ਜਾਣਕਾਰੀ ਪੂਰਨ ਤੌਰ ’ਤੇ ਦਿੱਤੀ ਗਈ ਹੈ।
ਆਰ ਟੀ ਆਈ ਤਹਿਤ ਮੰਗੀ ਸੀ ਜਾਣਕਾਰੀ
ਨੰਬਰਦਾਰ ਬੈਨੀਪਾਲ ਨੇ ਆਰ.ਟੀ.ਆਈਂ ਐਕਟ ਤਹਿਤ ਵਣ ਮੰਡਲ ਅਫ਼ਸਰ ਲੁਧਿਆਣਾ ਕੋਲੋਂ ਸਾਲ 2023 ਤੋਂ ਸਾਲ 2025 ਤੱਕ ਦੀ ਲਿਖਤੀ ਜਾਣਕਾਰੀ ਮੰਗੀ ਸੀ ਜਿਸ ਵਿੱਚ ਰੇਂਜ ਦੋਰਾਹਾ ਤੇ ਬਲਾਕ ਖੰਨਾ ਦੇ ਅਧੀਨ ਪੈਂਦੇ ਰਜਵਾਹਿਆਂ, ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ, ਡਰੇਨਾਂ, ਮਾਈਨਰ ਨਾਲ ਲੱਗਦੀ ਵਣ ਵਿਭਾਗ ਦੀ ਜ਼ਮੀਨ ਉੱਪਰ ਜੋਂ ਦਰੱਖ਼ਤ ਲਗਾਏ ਗਏ ਸਨ ਉਨ੍ਹਾਂ ਦਾ ਅੱਗ ਨਾਲ ਤੇ ਚਰਵਾਹਿਆਂ ਵੱਲੋਂ ਬੂਟਿਆਂ ਦੇ ਕੀਤੇ ਨੁਕਸਾਨ ਬਾਰੇ ਤੇ ਵਿਭਾਗ ਵੱਲੋਂ ਨੁਕਸਾਨ ਕਰਨ ਵਾਲਿਆਂ ਨੂੰ ਭੇਜੇ ਨੋਟਿਸ ਤੇ ਵਸੂਲੇ ਜੁਰਮਾਨਿਆਂ ਦੀ ਜਾਣਕਾਰੀ ਸਮੇਤ ਰਸੀਦਾਂ ਮੰਗੀ ਸੀ।
ਸ਼ੇਰ ਸ਼ਾਹ ਸੂਰੀ ਮਾਰਗ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਦੀ ਝਲਕ।