ਸਨਅਤੀ ਸ਼ਹਿਰ ’ਚ ਦਿਨ ਨਾਲੋਂ ਰਾਤਾਂ ਠੰਢੀਆਂ
ਪਹਾੜਾਂ ਵਿੱਚ ਬਰਫ਼ਵਾਰੀ ਕਾਰਨ ਮੈਦਾਨੀ ਖੇਤਰਾਂ ਵਿੱਚ ਠੰਢ ਜ਼ੋਰ ਫੜਨ ਲੱਗੀ ਹੈ। ਲੁਧਿਆਣਾ ਵਿੱਚ ਕੁਝ ਦਿਨਾਂ ਤੋਂ ਦਿਨ ਦੇ ਤਾਪਮਾਨ ਨਾਲੋਂ ਰਾਤ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਲੰਘੀ ਰਾਤ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਾਮ ਤੋਂ ਦੇਰ ਰਾਤ ਤੱਕ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਪੇਟੀਆਂ ’ਚੋਂ ਗਰਮ ਕੱਪੜੇ ਕੱਢਣ ਲਈ ਮਜਬੂਰ ਕਰ ਦਿੱਤਾ। ਹੋਰਨਾਂ ਜ਼ਿਲ੍ਹਿਆਂ ਨਾਲੋਂ ਹਮੇਸ਼ਾ ਗਰਮ ਰਹਿਣ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਠੰਢ ਵਧਣੀ ਸ਼ੁਰੂ ਹੋ ਗਈ ਹੈ। ਸਵੇਰੇ ਅਤੇ ਸ਼ਾਮ ਵੇਲੇ ਚੱਲਦੀਆਂ ਠੰਢੀਆਂ ਹਵਾਵਾਂ ਨੇ ਤਾਪਮਾਨ ਵਿੱਚ ਕਾਫੀ ਗਿਰਾਵਟ ਲਿਆਂਦੀ ਹੈ। ਪੀ ਏ ਯੂ ਦੇ ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ ਘੱਟੋ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਵੇਰ ਸਮੇਂ ਮੌਸਮ ਵਿੱਚ ਨਮੀ 86 ਫੀਸਦੀ ਅਤੇ ਸ਼ਾਮ ਵੇਲੇ 32 ਫੀਸਦੀ ਨਾਪੀ ਗਈ ਹੈ। ਮੌਸਮ ਮਾਹਿਰਾਂ ਨੇ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ਦੌਰਾਨ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਦੂਜੇ ਪਾਸੇ ਧੁਆਂਖੀ ਧੁੰਦ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਸਵੇਰੇ-ਸ਼ਾਮ ਸੰਘਣੇ ਧੂੰਏ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟੇ ਹਨ ਪਰ ਉਦਯੋਗਿਕ ਇਕਾਈਆਂ ਦੀਆਂ ਚਿਮਨੀਆਂ ਅਤੇ ਕੂੜੇ ਦੇ ਅੱਗ ਲੱਗੇ ਢੇਰਾਂ ਵਿੱਚੋਂ ਧੂੰਏਂ ਕਾਰਨ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ।
