ਪੀ ਏ ਯੂ ਯੁਵਕ ਮੇਲੇ ਦਾ ਅਗਲਾ ਗੇੜ ਅੱਜ ਤੋਂ
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਜਾਰੀ ਯੁਵਕ ਮੇਲੇ ਦੇ ਪਹਿਲੇ ਕਲਾਤਮਕ, ਸਾਹਿਤਕ ਅਤੇ ਸੱਭਿਆਚਾਰਕ ਵੰਨਗੀਆਂ ਵਾਲੇ ਮੁਕਾਬਲਿਆਂ ਦੇ ਗੇੜ ਦੀ ਸਫਲਤਾ ਪੂਰਵਕ ਸਮਾਪਤੀ ਮਗਰੋਂ ਅਗਲਾ ਗੇੜ 15 ਨਵੰਬਰ ਤੋਂ ਸ਼ੁਰੂ ਹੋਵੇਗਾ।
ਇਸ ਦੌਰਾਨ ਲੋਕ ਨਾਚ, ਗਾਇਕੀ, ਸੰਗੀਤ, ਨਾਟ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੇ ਮੁਕਾਬਲੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿੱਚ ਹੋਣਗੇ। ਭਲਕੇ ਸ਼ਨਿਚਰਵਾਰ ਨੂੰ ਸਵੇਰੇ 9.30 ਵਜੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਸੱਭਿਆਚਾਰਕ ਝਲਕੀਆਂ ਨਾਲ ਇਸ ਯੁਵਕ ਮੇਲੇ ਦਾ ਆਰੰਭ ਹੋਵੇਗਾ। ਇਸ ਤੋਂ ਬਾਅਦ ਸੋਲੋ ਨਾਚ, ਪੱਛਮੀ ਸਮੂਹ ਗਾਨ, ਲਾਈਟ ਵੋਕਲ ਸੋਲੋ, ਦੋਗਾਣਾ ਗੀਤ, ਭਾਰਤੀ ਸਮੂਹ ਗਾਨ ਅਤੇ ਨਾਚ ਕਲਾ ਦੇ ਮੁਕਾਬਲੇ ਹੋਣਗੇ। 16 ਨਵੰਬਰ ਨੂੰ ਕੁਇਜ਼, ਸਮੂਹ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀ ਦੀ ਪੇਸ਼ਕਾਰੀ ਹੋਵੇਗੀ ਜਦਕਿ 17 ਨਵੰਬਰ ਨੂੰ ਯੁਵਕ ਮੇਲੇ ਦੇ ਆਖਰੀ ਦਿਨ ਵਿਰਾਸਤੀ ਕੁਇਜ਼, ਮਮਿਕਰੀ, ਸਕਿੱਟ, ਲੰਮੀ ਹੇਕ ਵਾਲੇ ਗੀਤ, ਲੋਕ ਗੀਤ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਹੋਵੇਗੀ। ਸ਼ਾਮ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।
