ਜਗਰਾਉਂ ’ਚ ਨਵੀਆਂ ਸੜਕਾਂ ਮੀਂਹ ਦੀ ਭੇਟ ਚੜ੍ਹੀਆਂ
ਬਹੁ-ਗਿਣਤੀ ਸਡ਼ਕਾਂ ਧਸੀਆਂ
Advertisement
ਪਿਛਲੇ ਕਰੀਬ 12 ਦਿਨਾਂ ਤੋਂ ਸਮੁੱਚਾ ਪੰਜਾਬ ਮੀਂਹ ਅਤੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਜਿਸ ਕਾਰਨ ਇੱਥੇ ਨਵੀਆਂ ਬਣੀਆਂ ਸੜਕਾਂ ਵੀ ਧਸ ਗਈਆਂ ਹਨ। ਭਾਵੇਂ ਵਿਧਾਨ ਸਭਾ ਹਲਕਾ ਜਗਰਾਉਂ ਅਤੇ ਦਾਖਾ ਵਿੱਚ ਅਜੇ ਤੱਕ ਸਤਲੁਜ ਦਰਿਆ ਦੀ ਮਾਰ ਪੈਣ ਤੋਂ ਬਚਾਅ ਹੈ ਪਰ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਡਾਢਾ ਨੁਕਸਾਨ ਕਰ ਦਿੱਤਾ ਹੈ। ਖੇਤ ਸੜਕਾਂ, ਛੱਪੜ ਅਤੇ ਘਰ ਪਾਣੀ ਨਾਲ ਭਰ ਗਏ ਹਨ। ਛੱਪੜਾਂ ਦਾ ਪਾਣੀ ਮੁੱੜ ਕੇ ਘਰਾਂ ਵੱਲ ਨੂੰ ਪਰਤਣ ਲੱਗਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁ-ਗਿਣਤੀ ਲੋਕਾਂ ਦੇ ਘਰ ਚੋਣ ਲੱਗੇ ਹਨ ਅਤੇ ਲੈਂਟਰ ਵੀ ਸਿੰਮਣ ਲੱਗ ਪਏ ਹਨ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕਾਂ ਪਿਛਲੇ ਸਮੇਂ ਦੌਰਾਨ ਹੀ ਸੂਬਾ ਸਰਕਾਰ ਨੇ ਬਣਵਾਈਆਂ ਸਨ। ਕਈ ਵਰ੍ਹਿਆਂ ਦੀ ਉਡੀਕ ਮਗਰੋਂ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 19 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਜਗਰਾਉਂ ਤੋਂ ਹਠੂਰ, ਚਕਰ, ਮੱਲ੍ਹਾ, ਡੱਲਾ ਨਹਿਰ ਦਾ ਪੁਲ, ਨਵਾਂ ਡੱਲਾ ਅਤੇ ਕੋਠੇ ਰਾਹਲਾਂ ਲਗਭਗ 26 ਕਿਲੋਮੀਟਰ ਸੜਕ ਕਈ ਥਾਵਾਂ ਤੋਂ ਧੱਸ ਗਈ ਹੈ। ਸੜਕ ਕਿਨਾਰੇ ਲੱਗੇ ਸਾਈਨ ਬੋਰਡ ਅਤੇ ਸੜਕ ਦੀ ਨਿਸ਼ਾਨਦੇਹੀ ਕਰਦੇ ਪਿਲਰ ਵੀ ਖੇਤਾਂ ਵਿੱਚ ਰੁੜ੍ਹ ਗਏ ਹਨ। ਇਸੇ ਤਰ੍ਹਾਂ ਚੌਂਕੀਮਾਨ-ਭੂੰਦੜੀ ਅਤੇ ਜਗਰਾਉਂ-ਭੂੰਦੜੀ ਸੜਕ ਵੀ ਮੀਂਹ ਦੀ ਭੇਟ ਚੜ੍ਹ ਗਈ ਹੈ। ਲੰਬੀ ਉਡੀਕ ਬਾਅਦ ਬਣੀਆਂ ਸੜਕਾਂ ਦੇ ਧੱਸਣ ਕਾਰਨ ਚਿੰਤਾ ’ਚ ਡੁੱਬੇ ਸਰਪੰਚਾਂ ਨੇ ਪੰਜਾਬ ਮੰਡੀਕਰਨ ਬੋਰਡ ਤੋ ਮੰਗ ਕੀਤੀ ਹੈ ਕਿ ਮੀਂਹ ਹਟਣ ਉਪਰੰਤ ਸੜਕਾਂ ਦੀ ਜਲਦੀ ਰਿਪੇਅਰ ਕੀਤੀ ਜਾਵੇ।
ਮੌਸਮ ਸਾਫ਼ ਹੋਣ ’ਤੇ ਸੜਕਾਂ ਦੀ ਮੁਰੰਮਤ ਕਰਾਂਗੇ: ਜੇਈ
Advertisementਮੰਡੀਕਰਨ ਬੋਰਡ ਦੇ ਜੇ ਈ ਪ੍ਰਮਿੰਦਰ ਸਿੰਘ ਢੋਲਣ ਨੇ ਭਰੋਸਾ ਦਿੱਤਾ ਕਿ ਕਿਹਾ ਕਿ ਮੌਸਮ ਸਾਫ਼ ਹੋਣ ’ਤੇ ਸੜਕਾਂ ਨੂੰ ਸੰਵਾਰਿਆ ਜਾਵੇਗਾ। ਉਹ ਖ਼ੁਦ ਇਹ ਸਮੱਸਿਆਵਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ।
Advertisement