ਹਫ਼ਤੇ ’ਚ ਨਵੇਂ ਈਓ ਦਾ ਤਬਾਦਲਾ
ਗੁਰਿੰਦਰ ਸਿੰਘ ਹੋਣਗੇ ਨਵੇਂ ਈਓ
Advertisement
ਨਗਰ ਕੌਂਸਲ ਖੰਨਾ ਵਿਚ ਅਧਿਕਾਰੀਆਂ ਦੇ ਵੱਡੀ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ, ਜਿੱਥੇ ਇਕ ਹਫ਼ਤੇ ਵਿਚ ਹੀ ਖੰਨਾ ਕੌਂਸਲ ਵਿੱਚ ਨਵੇਂ ਨਿਯੁਕਤ ਕਾਰਜ ਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ। ਕਾਰਜਭਾਰ ਸੰਭਾਲਣ ਦੇ ਇਕ ਹਫ਼ਤੇ ਅੰਦਰ ਤਬਾਦਲਾ ਸਿਆਸਤ ਤੋਂ ਪ੍ਰੇਰਿਤ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈਓ ਗੁਰਬਖਸ਼ੀਸ਼ ਸਿੰਘ ਤੋਂ ਪਹਿਲਾ ਨਗਰ ਕੌਂਸਲ ਖੰਨਾ ਦੇ ਈਓ ਚਰਨਜੀਤ ਸਿੰਘ ਸਨ ਜੋ ਲੰਬਾ ਸਮਾਂ ਨਗਰ ਕੌਂਸਲ ਵਿਚ ਆਪਣੇ ਅਹੁਦੇ ’ਤੇ ਕੰਮ ਕਰਦੇ ਰਹੇ, ਜਿਨ੍ਹਾਂ ਦਾ ਇਕ ਹਫ਼ਤਾ ਪਹਿਲਾਂ ਰਾਏਕੋਟ ਵਿੱਚ ਤਬਾਦਲਾ ਕੀਤਾ ਗਿਆ ਸੀ। ਹੁਣ ਸਰਕਾਰ ਵੱਲੋਂ ਗੁਰਬਖਸ਼ੀਸ਼ ਸਿੰਘ ਦਾ ਧੂਰੀ ਵਿੱਚ ਤਬਾਦਲਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਗੁਰਿੰਦਰ ਸਿੰਘ ਨਵੇਂ ਈਓ ਹੋਣਗੇ। ਜ਼ਿਕਰਯੋਗ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਨਗਰ ਕੌਂਸਲ ਦੀ ਸੱਤਾ ’ਤੇ ਕਾਂਗਰਸ ਦਾ ਕਬਜ਼ਾ ਹੈ। ਇਸ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਹਨ, ਜਿਨ੍ਹਾਂ ਦਾ ਸਰਕਾਰ ਨਾਲ 36 ਦਾ ਅੰਕੜਾ ਲਗਾਤਾਰ ਚੱਲਦਾ ਰਿਹਾ ਹੈ। ਇਸ ਕਾਰਨ ਕੌਂਸਲ ਵਿੱਚ ਸਿਆਸਤ ਹਮੇਸ਼ਾਂ ਹਾਵੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਕੌਂਸਲ ਵਿੱਚ ਲੰਬੇ ਸਮੇਂ ਤੋਂ ਏਐੱਮਈ ਸਹਾਇਕ ਮਿਉਂਸਿਪਲ ਇੰਜਨੀਅਰ ਦਾ ਅਹੁਦਾ ਖਾਲੀ ਸੀ ਜਿਸ ’ਤੇ ਵਰਿੰਦਰ ਕੁਮਾਰ ਨੂੰ ਤਾਇਨਾਤ ਕਰਕੇ ਖੰਨਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
Advertisement
Advertisement