ਕਰੌਂਦੀਆਂ ਵਿੱਚ ਸੂਏ ’ਤੇ ਬਣਿਆ ਨਵਾਂ ਪੁਲ ਟੁੱਟਿਆ
ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਹਲਕਾ ਪਾਇਲ ਦੇ ਪਿੰਡ ਕਰੌਦੀਆਂ ਦੇ ਕੋਲੋਂ ਦੀ ਲੰਘ ਰਹੇ ਸੂਏ ਦਾ ਪੁਲ ਰੇਤੇ ਨਾਲ ਭਰੇ ਟਰੱਕ ਦੇ ਲੰਘਣ ਮੌਕੇ ਟੁੱਟ ਗਿਆ। ਵਾਹਨ ਵੀ ਇਸ ਪੁਲ ’ਤੇ ਫਸ ਗਿਆ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵੱਡੇ ਪੱਧਰ ’ਤੇ ਸੂਏ ਪੱਕੇ ਕੀਤੇ ਜਾ ਰਹੇ ਹਨ। ਹਰ ਲਿੰਕ ਸੜਕਾਂ ਤੇ ਸੂਇਆਂ ਦੇ ਨਹਿਰੀ ਪੁਲ ਉਸਾਰੇ ਜਾ ਰਹੇ ਹਨ। ਕਰੌਦੀਆਂ ਪਿੰਡ ਨੇੜੇ ਸੂਏ ’ਤੇ ਨਵੇਂ ਉਸਾਰੇ ਪੁਲ ਦੇ ਟੁੱਟ ਜਾਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ। ਗੁਰਜੀਤ ਸਿੰਘ ਕਰੌਦੀਆਂ, ਜਥੇਦਾਰ ਸੁਖਪ੍ਰੀਤ ਸਿੰਘ ਰੰਧਾਵਾ ਅਤੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਘਟੀਆ ਸਮੱਗਰੀ ਵਰਤੇ ਜਾਣ ਕਾਰਨ ਪੁਲ ਟੁੱਟਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਾਂ ਲਈ ਵਰਤੀ ਜਾ ਰਹੀ ਸਮੱਗਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ ਡੀ ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਪੁਲ ਦਾ ਕੰਮ ਚੱਲ ਰਿਹਾ ਹੈ। ਨਰਮ ਹੋਣ ਕਾਰਨ ਇਸ ਉੱਤੋਂ ਦੀ ਭਾਰਾ ਵਾਹਨ ਨਹੀਂ ਲੰਘ ਸਕਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲ ’ਤੇ ਕੰਮ ਕਰ ਰਹੇ ਕਾਮਿਆਂ ਨੇ ਟਿੱਪਰ ਚਾਲਕ ਨੂੰ ਰੋਕਿਆ ਸੀ ਪਰ ਡਰਾਈਵਰ ਨੇ ਧੱਕੇ ਨਾਲ ਵਾਹਨ ਪੁਲ ’ਤੇ ਚੜ੍ਹਾ ਦਿੱਤਾ। ਇਸ ਤਰ੍ਹਾਂ ਪੁਲ ਟੁੱਟ ਗਿਆ। ਉਨ੍ਹਾਂ ਕਿਹਾ ਕਿ ਪੁਲ ਦਾ ਨੁਕਸਾਨ ਕਰਨ ਵਾਲੇ ਟਿੱਪਰ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
