ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ‘ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ’ ਵੰਡੇ
ਸਤ ਪਾਲ ਮਿੱਤਲ ਵੱਲੋਂ ਸੰਨ 1983 ਵਿੱਚ ਸਥਾਪਤ ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਅੱਜ ਲੁਧਿਆਣਾ ਵਿੱਚ ‘ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ 2025’ ਦੀ ਵੰਡ ਕੀਤੀ। ਇਸ ਸਮਾਗਮ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਵਜ਼ੀਫ਼ੇ ਵੰਡੇ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਵੀ ਮੌਜੂਦ ਸਨ। ਸਮਾਗਮ ਦੌਰਾਨ ਪਲੈਟੀਨਮ ਅਤੇ ਗੋਲਡ ਸ਼ੇਣੀਆਂ ਹੇਠ ਪੰਜ ਜਣਆਂ ਨੂੰ 20 ਲੱਖ ਰੁਪਏ ਦੇ ਇਨਾਮ ਤੇ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ ਗਏ।
ਸਿੱਖਿਆ ਮੰਤਰੀ ਸ੍ਰੀ ਪ੍ਰਧਾਨ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਅਤੇ ਸੰਸਥਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋੜਵੰਦ ਬੱਚਿਆਂ ਦੀ ਵਜ਼ੀਫ਼ਿਆਂ ਰਾਹੀਂ ਮਦਦ ਕਰ ਕੇ ਟਰੱਸਟ ਵੱਲੋਂ ਮਹੱਤਵਪੂਰਨ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਲ 2040 ਤੱਕ ਵਿਕਸਤ ਭਾਰਤ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਉਨ੍ਹਾਂ ਬੱਚਿਆਂ ਨੂੰ ਨਵੀਂ ਤਕਨਾਲੋਜੀ ਦੀ ਵਰਤੋਂ ਕਰਨ ਦੀ ਥਾਂ ਤਕਨਾਲੋਜੀ ਬਣਾਉਣ ਲਈ ਪ੍ਰੇਰਿਤ ਕੀਤਾ। ਸਿੱਖਿਆ ਮੰਤਰੀ ਸ੍ਰੀ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਲੋੜ ਸਿਰਫ਼ ਨੌਜਵਾਨਾਂ ਨੂੰ ਮੌਕਾ ਦੇਣ ਦੀ ਹੈ।
ਟਰੱਸਟ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ ਇਸ ਭਾਵਨਾ ਨੂੰ ਦਰਸਾਉਂਦੇ ਹਨ, ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦਾ ਸਨਮਾਨ ਕਰਦੇ ਹਨ ਜਿਨ੍ਹਾਂ ਦੀ ਹਿੰਮਤ, ਹਮਦਰਦੀ ਅਤੇ ਨਿਰਸਵਾਰਥ ਸੇਵਾ ਨੇ ਦੂਜਿਆਂ ਦੇ ਜੀਵਨ ਵਿੱਚ ਸਥਾਈ ਤਬਦੀਲੀ ਦੀਆਂ ਲਹਿਰਾਂ ਪੈਦਾ ਕੀਤੀਆਂ ਹਨ। ਇਸ ਸਾਲ ਅਸੀਂ ਸੱਤਿਆ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਤੇ ਆਪਣੀਆਂ ਸਕਾਲਰਸ਼ਿਪ ਪਹਿਲਕਦਮੀਆਂ ਰਾਹੀਂ 1,700 ਤੋਂ ਵੱਧ ਵਿਦਿਆਰਥੀਆਂ ਦਾ ਸਮਰਥਨ ਕੀਤਾ, ਜਿਸ ਨਾਲ ਹਰ ਬੱਚੇ ਨੂੰ ਆਪਣੀਆਂ ਸਥਿਤੀਆਂ ਤੋਂ ਪਰੇ ਸੁਪਨੇ ਦੇਖਣ ਦੇ ਯੋਗ ਬਣਾਇਆ ਗਿਆ।
‘ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ 2025’ ਦੀ ‘ਵਿਅਕਤੀਗਤ’ ਸ਼੍ਰੇਣੀ ਵਿੱਚ ਪਲੈਟੀਨਮ ਪੁਰਸਕਾਰ ਮੁਕਤਾਬੇਨ ਪੰਕਜ ਕੁਮਾਰ ਡਗਲੀ ਨੂੰ ਦਿੱਤਾ ਗਿਆ। ਗੁਜਰਾਤ ਵਿੱਚ ਪ੍ਰਗਨਾਚਕਸ਼ੂ ਮਹਿਲਾ ਸੇਵਾ ਕੁੰਜ ਦੀ ਸੰਸਥਾਪਕ ਮੁਕਤਾਬੇਨ ਪੰਕਜ ਕੁਮਾਰ ਡਗਲੀ ਨੇ ਨੇਤਰਹੀਣ ਔਰਤਾਂ ਨੂੰ ਸਸ਼ਕਤ ਬਣਾਉਣ ’ਚ ਅਹਿਮ ਯੋਗਦਾਨ ਪਾਇਆ ਹੈ। ‘ਸੰਸਥਾਗਤ’ ਸ਼੍ਰੇਣੀ ਵਿੱਚ ਪਲੈਟੀਨਮ ਪੁਰਸਕਾਰ ‘ਹਿਊਮਨਜ਼ ਫਾਰ ਹਿਊਮੈਨਿਟੀ’ ਨੂੰ ਦਿੱਤਾ ਗਿਆ। ਦੇਹਰਾਦੂਨ ਵਿੱਚ ਸਥਿਤ ਇਹ ਸੰਸਥਾ ਕਮਜ਼ੋਰ ਭਾਈਚਾਰਿਆਂ ਨੂੰ ਸਸ਼ਕਤ ਬਣਾਉਂਦੀ ਹੈ। ‘ਸੰਸਥਾਗਤ’ ਸ਼੍ਰੇਣੀ ਵਿੱਚ ਪਲੈਟੀਨਮ ਪੁਰਸਕਾਰ ਸਿੱਖਿਆ ਸੁਸਾਇਟੀ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ। ਕੋਲਕਾਤਾ ਸਥਿਤ ਪਰਿਵਾਰ ਸਿੱਖਿਆ ਸੁਸਾਇਟੀ ਸੰਪੂਰਨ ਦੇਖਭਾਲ, ਗੁਣਵੱਤਾ ਸਿੱਖਿਆ ਅਤੇ ਸਸ਼ਕਤੀਕਰਨ ਪ੍ਰੋਗਰਾਮਾਂ ਰਾਹੀਂ ਕਮਜ਼ੋਰ ਬੱਚਿਆਂ ਦੇ ਜੀਵਨ ਨੂੰ ਬਦਲਣ ਵਿੱਚ ਮੋਹਰੀ ਹੈ। ‘ਵਿਅਕਤੀਗਤ’ ਸ਼੍ਰੇਣੀ ਵਿੱਚ ਡਾ. ਕਿਰਨ ਮੋਦੀ ਨੂੰ ਸੋਨੇ ਦਾ ਤਗ਼ਮਾ ਦਿੱਤਾ ਗਿਆ। ਡਾ. ਕਿਰਨ ਮੋਦੀ ਨੂੰ ਬਾਲ ਭਲਾਈ ਅਤੇ ਯੁਵਾ ਸਸ਼ਕਤੀਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ‘ਸੰਸਥਾਗਤ’ ਸ਼੍ਰੇਣੀ ਵਿੱਚ ਸੋਨ ਤਗਮਾ ਸਮਾਈਲ ਟਰੇਨ ਇੰਡੀਆ ਨੂੰ ਦਿੱਤਾ ਗਿਆ। ਨਵੀਂ ਦਿੱਲੀ ਸਥਿਤ ਸਮਾਈਲ ਟਰੇਨ ਇੰਡੀਆ ਨੇ ਬੱਚਿਆਂ ਲਈ ਸ਼ੁਰੂਆਤੀ ਦਖ਼ਲਅੰਦਾਜ਼ੀ, ਪੁਨਰਵਾਸ ਅਤੇ ਸੰਪੂਰਨ ਦੇਖਭਾਲ ਪ੍ਰਦਾਨ ਕਰਨ ਵਾਲੇ ਕਮਿਊਨਿਟੀ-ਸੰਚਾਲਿਤ ਮਾਡਲ ਦੀ ਅਗਵਾਈ ਕੀਤੀ ਹੈ।
