ਆਂਗਣਵਾੜੀ ਸੈਟਰਾਂ ’ਚ ਬੱਚਿਆਂ ਦੇ ਖਾਣੇ ਸਬੰਧੀ ਕੁਤਾਹੀ ਮੁਅਫੀਯੋਗ ਨਹੀ: ਸੇਖੋਂ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਨੇ ਅੱਜ ਈਸੜੂ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਿੱਤੇ ਜਾ ਰਹੇ ਮਿੱਡ-ਡੇਅ ਮੀਲ ਜਾਂ ਆਂਗਣਵਾੜੀ ਸੈਂਟਰਾਂ ਰਾਹੀਂ ਖਾਣ ਪੀਣ ਵਾਲੀਆਂ ਚੀਜ਼ਾਂ ’ਚ ਕੁਤਾਹੀ ਜਾਂ ਸੰਭਾਲ ’ਚ ਅਣਗਹਿਲੀ ਮੁਆਫੀਯੋਗ ਨਹੀਂ ਹੋਵੇਗੀ। ਉਨ੍ਹਾਂ ਬਰਸਾਤਾਂ ’ਚ ਮਿੱਡ-ਡੇਅ ਮੀਲ ਜਾਂ ਆਂਗਣਵਾੜੀ ਸੈਂਟਰਾਂ ਦੇ ਰਾਸ਼ਨ ’ਚ ਸੁਸਰੀ ਆਦਿ ਪੈਣ ਦਾ ਖਦਸ਼ਾ ਜ਼ਾਹਰ ਕਰਦਿਆਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਰਾਸ਼ਨ ਆਦਿ ਦੀ ਸਟੋਰੇਜ਼ ਦੇ ਪੁਖਤਾ ਪ੍ਰਬੰਧ ਕਰਨ ਦੀ ਹਿਦਾਇਤ ਕੀਤੀ ਅਤੇ ਕਿਹਾ ਕਿ ਰਾਸ਼ਨ ਨੂੰ ਵਰਤੋਂ ’ਚ ਲਿਆਉਣ ਤੋਂ ਪਹਿਲਾਂ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਧੁੱਪ ਲਗਵਾ ਕੇ ਵੀ ਰਾਸ਼ਨ ਵਰਤਿਆ ਜਾਵੇ। ਜੱਸੀ ਸੇਖੋਂ ਨੇ ਅੱਗੇ ਦੱਸਿਆ ਕਿ ਸਰਕਾਰੀ ਰਾਸ਼ਨ ਡੀਪੂਆਂ, ਆਂਗਣਵਾੜੀ ਕੇਂਦਰਾਂ ਜਾਂ ਸਕੂਲਾਂ ਦੇ ਮਿੱਡ-ਡੇਅ ਮੀਲ ਸਬੰਧੀ ਕੋਈ ਵੀ ਸ਼ਿਕਾਇਤ ਵਿਭਾਗ ਦੀ ਵੈੱਬਸਾਈਟ ’ਤੇ ਦਰਜ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਜਨਤਾ ਦੀ ਸਹਾਇਤਾ ਲਈ ਹੈਲਪ ਲਾਇਨ ਨੰਬਰ 98767-64545 ਵੀ ਜਾਰੀ ਕੀਤਾ ਹੋਇਆ ਹੈ, ਜਿਸ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਜ਼ਿਲ੍ਹੇ ਦੇ ਸਮੂਹ ਰਾਸ਼ਨ ਡੀਪੂਆਂ ਤੇ ਰਾਸ਼ਨ ਡੀਪੂ ਦਾ ਬੋਰਡ ਲਗਾਏ ਜਾਣ ਤੇ ਆਮ ਜਨਤਾ ਦੀ ਸਹਾਇਤਾਂ ਲਈ ਹੈਲਪ ਲਾਈਨ ਨੰਬਰ ਵੀ ਲਿਖਵਾਏ ਜਾਣ ਦੀ ਹਿਦਾਇਤ ਕੀਤੀ ਤਾਂ ਜੋ ਲੋੜ ਪੈਣ ’ਤੇ ਲੋੜਵੰਦ ਸਿੱਧਾ ਸੰਪਰਕ ਕਰ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਤੇ ਪੂਰੇ ਪੰਜਾਬ ’ਚ ਚੈਕਿੰਗ ਕਰਨ ਦਾ ਸਿਲਸਿਲਾ ਵੀ ਚਲਾਇਆ ਜਾਵੇਗਾ ਤਾਂ ਜੋ ਫੂਡ ਸਕਿਓਰਿਟੀ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਵਾਇਆ ਜਾ ਸਕੇ।