ਐੱਨਸੀਸੀ ਨੇ ਕੈਡੇਟਸ ਨਾਲ ਕੌਮੀ ਪੁਲਾੜ ਦਿਵਸ ਮਨਾਇਆ
3ਪੀਬੀ (ਜੀ) ਬੀਐੱਨ ਐੱਨਸੀਸੀ ਲੁਧਿਆਣਾ ਨੇ ਕੈਡੇਟਸ ਨਾਲ ਕੌਮੀ ਪੁਲਾੜ ਦਿਵਸ ਬੜੇ ਮਾਣ ਨਾਲ ਮਨਾਇਆ। ਇਸ ਵਿੱਚ ਕੁੰਦਨ ਵਿਦਿਆ ਮੰਦਿਰ, ਜੀਐੱਚਜੀ ਖਾਲਸਾ ਕਾਲਜ , ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਅਤੇ ਭਾਰਤੀ ਵਿਦਿਆ ਮੰਦਿਰ, ਚੰਡੀਗੜ੍ਹ ਰੋਡ ਦੇ 180 ਕੈਡੇਟਸ ਨੂੰ ਇਕੱਠੇ ਕੀਤਾ ਗਿਆ। ਇਸ ਦਿਨ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਚੰਦਰਯਾਨ 3 ਦੀ ਇਤਿਹਾਸਕ ਲੈਂਡਿੰਗ ਦੀ ਯਾਦ ਦਿਵਾਈ ਗਈ। ਇਹ ਇੱਕ ਮੀਲ ਪੱਥਰ ਹੈ ਜਿਸ ਨੇ ਭਾਰਤ ਨੂੰ ਪੁਲਾੜ ਖੋਜ ਵਿੱਚ ਸਥਾਪਿਤ ਕੀਤਾ ਹੈ।
ਕੁੰਦਨ ਵਿਦਿਆ ਮੰਦਿਰ ਨੇ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪੁਲਾੜ ਵਿਸ਼ੇ ’ਤੇ ਇੱਕ ਕੁਇਜ਼ ਅਤੇ ਪੋਸਟ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜੀਐਚਜੀ ਕਾਲਜ ਨੇ ਚੰਦਰਮਾ ਦੀ ਖੋਜ ਅਤੇ ਮਾਡਲ ਰਾਕੇਟ-ਬਿਲਡਿੰਗ ’ਤੇ ਇੱਕ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ। ਸਵਾਮੀ ਗੰਗਾ ਗਿਰੀ ਕਾਲਜ ਵਿੱਚ ਕੈਡੇਟਸ ਨੇ ਚੰਦਰਯਾਨ 3 ਮਿਸ਼ਨ ਫੁਟੇਜ ਦੇਖੀ ਅਤੇ ਇੱਕ ਵਿਗਿਆਨਕ ਭਾਸ਼ਣ ਵਿੱਚ ਹਿੱਸਾ ਲਿਆ। ਇਸ ਦੌਰਾਨ ਭਾਰਤੀ ਵਿਦਿਆ ਮੰਦਿਰ ਦੇ ਕੈਡੇਟਸ ਨੇ ਭਾਰਤ ਦੀ ਪੁਲਾੜ ਯਾਤਰਾ ’ਤੇ ਇੱਕ ਸਲਾਈਡ ਸ਼ੋਅ ਅਤੇ ਭਾਸ਼ਣ ਦੀ ਮੇਜ਼ਬਾਨੀ ਕੀਤੀ। ਇੰਨਾਂ ਜਸ਼ਨਾਂ ਨੇ ਨਾ ਸਿਰਫ ਪੁਲਾੜ ਵਿਗਿਆਨ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ, ਸਗੋਂ ਕੈਡੇਟਸ ਵਿੱਚ ਵਿਗਿਆਨਕ ਉਤਸੁਕਤਾ, ਰਚਨਾਤਮਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਕੀਤੀ।