ਨਵਚੇਤਨਾ ਵੱਲੋਂ ਉਡਾਣ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਕਰਵਾਏ ‘ਨਵਚੇਤਨਾ ਉਡਾਣ-2025’ ਸੂਬਾ ਪੱਧਰੀ ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਅੱਜ ਸਥਾਨਕ ਬੱਚਤ ਭਵਨ ਵਿੱਚ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਲੁਧਿਆਣਵੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਪ੍ਰਧਾਨ ਸ੍ਰੀ ਸੇਖੋਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ 50 ਤੋਂ ਵੱਧ ਜੇਤੂ ਵਿਦਿਆਰਥੀਆਂ ਨੂੰ 1 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਇਨਾਮ ਵੰਡੇ ਗਏ। ਇਸ ਮੌਕੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਕਾਮਯਾਬ ਸੰਚਾਲਨ ਲਈ ਇੰਸਪੈਕਟਰ ਹਰਦਿਆਲ ਸਿੰਘ, ਜ਼ੋਨ-4 ਸਾਂਝ ਕੇਂਦਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਉਸਮਾਨ ਲੁਧਿਆਣਵੀ ਤੇ ਡੀਈਓ ਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਚਾਰ ਕੈਟਾਗਰੀਆਂ ਵਿੱਚ ਹਿੱਸਾ ਲਿਆ ਤੇ ਬੇਮਿਸਾਲ ਪੇਂਟਿੰਗ ਬਣਾ ਕੇ ਸਮਾਜ ਨੂੰ ਨਸ਼ਿਆਂ, ਭਰੂਣ ਹੱਤਿਆ, ਬਾਲ ਮਜ਼ਦੂਰੀ, ਵਾਤਾਵਰਣ ਆਦਿ ਵਿਸ਼ਿਆਂ ’ਤੇ ਸੇਧ ਦਿੱਤੀ।
ਸ਼ਾਹੀ ਇਮਾਮ ਨੇ ਦੱਸਿਆ ਕਿ ‘ਉਡਾਣ-2025’ ਰਾਹੀਂ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਜਾਗਰੂਕਤਾ ਮੁਹਿੰਮ ਨਾਲ ਜੋੜਨਾ ਵੱਡਾ ਅਤੇ ਸ਼ਲਾਘਾਯੋਗ ਕੰਮ ਹੈ। ਪ੍ਰਧਾਨ ਸੇਖੋਂ ਨੇ ਦੱਸਿਆ ਮੁਕਾਬਲੇ ਦੌਰਾਨ ਕੈਟਾਗਰੀ ਏ , ਬੀ, ਸੀ ਅਤੇ ਡੀ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਕ੍ਰਮਵਾਰ ਯਸ਼ਵੀ, ਰਵਨੂਰ, ਹਰਗੁਣ ਕੌਰ ਅਤੇ ਮਨਪ੍ਰੀਤ ਕੌਰ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਚਾਰੋਂ ਕੈਟਾਗਰੀਆਂ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਅਨੰਨਿਆ, ਸਿਮਰਦੀਪ ਕੌਰ, ਪਰਮੀਤ ਕੌਰ ਅਤੇ ਸਾਨੀਆਂ ਨੂੰ 3100-3100 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਤੀਜੇ ਸਥਾਨ 'ਤੇ ਰਹਿਣ ਵਾਲਿਆਂ ਅਤੇ ਉਤਸ਼ਾਹਵਧਾਊ ਇਨਾਮ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ।