ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਕੌਮੀ ਸਨਮਾਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੇ ਦੋ ਵਿਗਿਆਨਕਾਂ ਡਾ. ਦੀਪਥੀ ਵਿਜੈ ਅਤੇ ਡਾ. ਕ੍ਰਿਤੀ ਸਿੰਘ ਨੂੰ ਸਰਵਉੱਤਮ ਲੇਖ ਲਿਖਣ ਦੇ ਮੁਕਾਬਲੇ ਵਿੱਚ ਕੌਮੀ ਪੱਧਰ ’ਤੇ ਸਨਮਾਨ ਪ੍ਰਾਪਤ ਹੋਇਆ ਹੈ। ਇਹ ਮੁਕਾਬਲਾ ਇੰਡੀਅਨ ਵੈਟਰਨਰੀ ਐਸੋਸੀਏਸ਼ਨ ਕੇਰਲਾ ਵੱਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਵੈਟਰਨਰੀ ਅਤੇ ਪਸ਼ੂ ਵਿਗਿਆਨ ਸੰਬੰਧੀ ਅਧਿਆਪਕ ਸ਼੍ਰੇਣੀ ਵਿੱਚ ਇਹ ਇਨਾਮ ਪ੍ਰਾਪਤ ਹੋਇਆ ਹੈ।
ਡਾ. ਦੀਪਥੀ ਵਿਜੈ ਦੇ ਲੇਖ ਦਾ ਸਿਰਲੇਖ ‘ਫਾਰਮ ਦੇ ਦਰਵਾਜ਼ੇ ਤੋਂ ਆਲਮੀ ਸਿਹਤ: ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਨਜਿੱਠਣ ਲਈ ਜੈਵਿਕ ਸੁਰੱਖਿਆ’ ਸੀ। ਇਸ ਲੇਖ ਵਿੱਚ ਜੈਵਿਕ ਸੁਰੱਖਿਆ ਰਾਹੀਂ ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਨਜਿੱਠਣ ਸੰਬੰਧੀ ਅਹਿਮ ਨੁਕਤਿਆਂ ’ਤੇ ਗੱਲ ਕੀਤੀ ਗਈ ਸੀ। ਇਸ ਵਿਸ਼ੇ ਤਹਿਤ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦਾ ਫੈਲਾਅ ਅਤੇ ਵਨ ਹੈਲਥ ਪਹੁੰਚ ਬਾਰੇ ਬਿਰਤਾਂਤ ਪੇਸ਼ ਕੀਤਾ ਗਿਆ।
ਡਾ. ਕ੍ਰਿਤੀ ਸਿੰਘ ਨੇ ਭੋਜਨ ਸੂਖਮ ਜੀਵ ਵਿਗਿਆਨ ਸਬੰਧੀ ਵਿਸ਼ੇ ’ਤੇ ਲੇਖ ਪ੍ਰਸਤੁਤ ਕੀਤਾ। ਇਸ ਵਿੱਚ ਭੋਜਨ ਸੁਰੱਖਿਆ ਅਤੇ ਮਿਆਰ ਨੂੰ ਨਿਸ਼ਚਿਤ ਕਰਨ ਲਈ ਨਿਰੀਖਣ ਢੰਗਾਂ ਬਾਰੇ ਵਿਚਾਰ ਰੱਖੇ ਗਏ। ਇਹ ਦੋਨੋਂ ਜੇਤੂ ਲੇਖ ਮਹੱਤਵਪੂਰਨ ਪੱਤ੍ਰਿਕਾ ‘ਫਰੰਟੀਅਰਜ਼ ਇਨ ਵੈਟਰਨਰੀ ਮੈਡੀਸਨ’ ਦੇ ਅਗਲੇ ਅੰਕ ਵਿੱਚ ਪ੍ਰਕਾਸ਼ਿਤ ਹੋਣਗੇ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੋਵਾਂ ਸਾਇੰਸਦਾਨਾਂ ਨੂੰ ਮੁਬਾਰਕਬਾਦ ਦਿੱਤੀ। ਨਿਰਦੇਸ਼ਕ ਸੈਂਟਰ ਫਾਰ ਵਨ ਹੈਲਥ ਡਾ. ਜਸਬੀਰ ਸਿੰਘ ਬੇਦੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਇਸੇ ਢੰਗ ਦੀਆਂ ਅਕਾਦਮਿਕ ਅਤੇ ਖੋਜ ਪ੍ਰਕਾਸ਼ਨਾਵਾਂ ਸੰਬੰਧੀ ਲਗਾਤਾਰ ਯਤਨਸ਼ੀਲ ਰਹਿਣਗੇ।
