ਖਾਲਿਸਤਾਨ ਅਤਿਵਾਦੀ ਵਿਰੋਧੀ ਫਰੰਟ ਦਾ ਕੌਮੀ ਪ੍ਰਚਾਰਕ ਹੈਰੋਇਨ ਸਣੇ ਕਾਬੂ
ਇਥੇ ਦੋਰਾਹਾ ਪੁਲੀਸ ਵੱਲੋਂ ਖਾਲਿਸਤਾਨ ਅਤਿਵਾਦੀ ਵਿਰੋਧੀ ਫਰੰਟ ਦੇ ਕੌਮੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਸਣੇ ਚਾਰ ਵਿਅਕਤੀਆਂ ਨੂੰ 80 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ। ਦੱਸਣਯੋਗ ਹੈ ਕਿ ਦੋਰਾਹਾ ਪੁਲੀਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਕੁਝ ਦਿਨ ਪਹਿਲਾਂ ਜ਼ਬਤ ਕੀਤੀ ਗਈ ਇਕ ਕਿਲੋ ਹੈਰੋਇਨ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਹੁਣ ਮੁਲਜ਼ਮਾਂ ਦੀ ਗਿਣਤੀ ਅੱਠ ਹੋ ਗਈ ਹੈ, ਜਿਨ੍ਹਾਂ ਤੋਂ 85 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲੀਸ ਨੇ ਖੰਨਾ ਦੇ ਖਟੀਕਾਂ ਚੌਕ ਦੇ ਵਸਨੀਕ ਖਾਲਿਸਤਾਨ ਅਤਿਵਾਦੀ ਵਿਰੋਧੀ ਫਰੰਟ ਦੇ ਕੌਮੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ, ਖੰਨਾ ਵਾਸੀ ਦਿਨਕਰ ਕਾਲੀਆ, ਗੁਲਸ਼ਨ ਅਤੇ ਉਸਦੇ ਭਰਾ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਪਾਸੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ ਐੱਸ ਪੀ ਡਾ. ਜੋਤੀ ਯਾਦਵ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਸੁਪਰਡੈਂਟ ਪਵਨਜੀਤ ਚੌਧਰੀ ਨੇ ਦੱਸਿਆ ਕਿ 18 ਸਤੰਬਰ ਨੂੰ ਪੁਲੀਸ ਟੀਮ ਨੇ ਦੋਰਾਹਾ ਵਿੱਚ ਦਿੱਲੀ ਵੱਲੋਂ ਤੋਂ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਵਿਚੋਂ ਗੁਰਲਾਲ ਸਿੰਘ ਨੂੰ 300 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਕੀਤੀ ਪੁੱਛ-ਪੜਤਾਲ ਮਗਰੋਂ ਮੁਹਾਲੀ ਵਾਸੀ ਮੁਹੰਮਦ ਇਰਸ਼ਾਦ, ਤਰਨ ਤਾਰਨ ਵਾਸੀ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਪਾਸੋਂ 705 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਹੁਣ ਤੱਕ ਮੁਲਜ਼ਮਾਂ ਪਾਸੋਂ ਕੁੱਲ 1 ਕਿਲੋ 85 ਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਮਹੰਤ ਕਸ਼ਮੀਰ ਗਿਰੀ ਸ਼ੁਰੂਆਤ ਤੋਂ ਹੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ, ਜੋ ਸ਼ਿਵ ਸੈਨਾ ਪੰਜਾਬ ਸਣੇ ਕਈ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਗਿਰੀ ਨੇ ਪੁਲੀਸ ਸੁਰੱਖਿਆ ਪ੍ਰਾਪਤ ਕਰਨ ਲਈ ਆਪਣੇ ਪੁੱਤਰ ਸਣੇ ਖੁਦ ’ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ।