ਅਧਿਆਪਕ ਦਿਵਸ ਮੌਕੇ ਨਰਿੰਦਰ ਸਿੰਘ ਨੂੰ ਮਿਲੇਗਾ ਕੌਮੀ ਐਵਾਰਡ
ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਮਿਹਨਤੀ ਅਤੇ ਨਵੇਂ ਢੰਗਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਹਰ ਖੇਤਰ ਵਿੱਚ ਵਿਦਿਆਰਥੀਆਂ ਨੂੰ ਮੋਹਰੀ ਰੱਖਣ ਦੇ ਚਾਹਵਾਨ ਹੈੱਡ ਟੀਚਰ ਨਰਿੰਦਰ ਸਿੰਘ ਦੀ ਪੰਜਾਬ ਭਰ ਵਿੱਚੋਂ ‘ਨੈਸ਼ਨਲ ਐਵਾਰਡ 2025-26’ ਲਈ ਚੋਣ ਹੋਈ ਹੈ। ਨਰਿੰਦਰ ਨੂੰ ਇਹ ਸਨਮਾਨ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਧਿਆਪਕ ਦਿਵਸ ਸਬੰਧੀ ਹੋਣ ਵਾਲੇ ਸਮਾਗਮ ਵਿੱਚ ਅਗਲੇ ਮਹੀਨੇ ਦਿੱਤਾ ਜਾਵੇਗਾ। ਨਰਿੰਦਰ ਸਿੰਘ ਪਿਛਲੇ ਕਰੀਬ 19 ਸਾਲਾਂ ਤੋਂ ਉਕਤ ਸਕੂਲ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਮਿਹਨਤ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਸਟੇਟ ਐਵਾਰਡ ਵੀ ਮਿਲ ਚੁੱਕਿਆ ਹੈ। ਨਰਿੰਦਰ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਕੂਲ ਵਿੱਚ ਸਭ ਤੋਂ ਪਹਿਲਾਂ ਗਣਿਤ ਪਾਰਕ, ਟ੍ਰੈਫਿਕ ਪਾਰਕ, ਆਈਟੀ ਪਾਰਕ ਅਤੇ ਸੁੰਦਰ ਲਿਖਾਈ ਪਾਰਕ ਬਣਾਏ ਸਨ। ਸਕੂਲ ਵਿੱਚ ਬੇਕਾਰ ਚੀਜ਼ਾਂ ਤੋਂ ਚੈੱਸ ਬੋਰਡ ਤਿਆਰ ਕੀਤਾ ਅਤੇ ਇੱਥੋਂ ਸਿਖਲਾਈ ਲੈ ਕੇ ਬੱਚਿਆਂ ਨੇ ਸਟੇਟ ਪੱਧਰ ਤੱਕ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਹੈ। ਸਕੂਲ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਹੋਣ ਕਰਕੇ ਨਰਿੰਦਰ ਵੱਲੋਂ ਹਰ ਸਾਲ ਗਰਮੀਆਂ ਵਿੱਚ ਵਿਸ਼ੇਸ਼ ਕੈਂਪ ਲਾ ਕੇ ਬੱਚਿਆਂ ਨੂੰ ਮੁਫਤ ਸਿਖਲਾਈ ਦੇਣ ਦਾ ਉਪਰਾਲਾ ਕੀਤਾ ਜਾਂਦਾ ਰਿਹਾ ਹੈ। ਸਮਾਜ ਸੇਵੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਉਹ ਹਰ ਸਹੂਲਤ ਉਪਲੱਬਧ ਕਰਵਾਈ ਜੋ ਹਾਲਾਂ ਕਈ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਨਹੀਂ ਹੈ। ਪੰਜਾਬੀ ਅਤੇ ਇਤਿਹਾਸ ਵਿੱਚ ਡਬਲ ਐਮ ਕਰ ਚੁੱਕਿਆ ਅਧਿਆਪਕ ਨਰਿੰਦਰ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਨਾਲ ਜੋੜ ਰਿਹਾ ਹੈ। ਇਸ ਲਈ ਉਸ ਨੇ ਸਕੂਲ ਵਿੱਚ ਵਧੀਆ ਲਾਇਬ੍ਰੇਰੀ ਸਥਾਪਤ ਕੀਤੀ ਹੋਈ ਹੈ। ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਐਵਾਰਡ ਸਕੂਲ ਦੇ ਵਿਦਿਆਰਥੀਆਂ, ਸਟਾਫ ਮੈਂਬਰਾਂ, ਸਹਿਯੋਗੀਆਂ, ਦਾਨੀ ਸੱਜਣਾ ਦਾ ਹੈ, ਜਿਨਾਂ ਤੋਂ ਬਿਨਾਂ ਕੁੱਝ ਵੀ ਸੰਭਵ ਨਹੀਂ ਹੋ ਸਕਦਾ ਸੀ। ਨਰਿੰਦਰ ਦੀ ਨੈਸ਼ਨਲ ਐਵਾਰਡ ਲਈ ਚੋਣ ਦੀ ਖਬਰ ਸੁਣਦੇ ਹੀ ਉਨ੍ਹਾਂ ਨੂੰ ਪੂਰੇ ਸੂਬੇ ਤੋਂ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਡੀਈਓ ਪ੍ਰਾਇਮਰੀ ਰਵਿੰਦਰ ਕੌਰ ਨੇ ਕਿਹਾ ਕਿ ਨਰਿੰਦਰ ਸਿੰਘ ਨੇ ਆਪਣੀ ਮਿਹਨਤ ਸਦਕਾ ਨੈਸ਼ਨਲ ਐਵਾਰਡ ਹਾਸਲ ਕਰਕੇ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦਾ ਪੂਰੇ ਭਾਰਤ ਵਿੱਚ ਨਾਮ ਰੌਸ਼ਨ ਕੀਤਾ ਹੈ। ਨਰਿੰਦਰ ਦੀ ਇਸ ਪ੍ਰਾਪਤੀ ’ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨੋਜ ਕੁਮਾਰ, ਨੇ ਵੀ ਨਰਿੰਦਰ ਨੂੰ ਵਧਾਈ ਦਿੱਤੀ।