ਯੁਵਕ ਮੇਲੇ ’ਚ ਨਾਰੰਗਵਾਲ ਦੇ ਵਿਦਿਆਰਥੀ ਛਾਏ
ਪੰਜਾਬ ਯੂਨੀਵਰਸਿਟੀ ਦੇ ਚਾਰ ਰੋਜ਼ਾ ਅੰਤਰ-ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਮੇਲੇ ਦੇ ਇੰਚਾਰਜ ਡਾ. ਸੁਰਿੰਦਰ ਮੋਹਨ ਦੀਪ ਨੇ ਦੱਸਿਆ ਕਿ ਏ ਐੱਸ ਕਾਲਜ ਖੰਨਾ ਵਿੱਚ ਹੋਏ ਯੁਵਕ ਮੇਲੇ ਵਿੱਚ ਕਾਲਜ ਦੀ ਝੂਮਰ ਲੋਕ ਨਾਚ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੋਕ ਨਾਚ ਵੰਨਗੀ ਵਿਚੋਂ ਸੰਯੋਗ ਦੀਪ ਸਿੰਘ ਨੇ ਦੂਜਾ ਵਿਅਕਤੀਗਤ ਸਥਾਨ ਪ੍ਰਾਪਤ ਕੀਤਾ। ਭੰਗੜੇ ਵਿੱਚ ਸੁਖਦੀਪ ਸਿੰਘ ਨੇ ਵਿਅਕਤੀਗਤ ਤੀਜਾ ਸਥਾਨ ਪ੍ਰਾਪਤ ਕੀਤਾ। ਪੱਖੀ ਮੁਕਾਬਲੇ ਵਿੱਚ ਗੀਤਾ ਜੋਸ਼ੀ ਨੇ ਦੂਜਾ ਸਥਾਨ, ਦਸੂਤੀ ਵਿੱਚੋਂ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਹੋਰ ਸਖ਼ਤ ਮਿਹਨਤ ਲਈ ਪ੍ਰੇਰਿਆ। ਵੱਖ-ਵੱਖ ਟੀਮਾਂ ਦੇ ਇੰਚਾਰਜ ਪ੍ਰੋ. ਜਸਕਰਨ ਸਿੰਘ, ਡਾ. ਗੁਰਜੀਤ ਸਿੰਘ, ਡਾ. ਜਗਮੀਤ ਸਿੰਘ, ਪ੍ਰੋ. ਸੰਦੀਪ ਕੌਰ, ਪ੍ਰੋ. ਮੀਨਾ ਕੁਮਾਰੀ ਨੇ ਵਿਦਿਆਰਥੀਆਂ ਨੂੰ ਰੌਸ਼ਨ ਭਵਿੱਖ ਲਈ ਅਸ਼ੀਰਵਾਦ ਦਿੱਤਾ।
