ਨਗਰ ਕੀਰਤਨ ਅੱਜ ਲੁਧਿਆਣਾ ਪਹੁੰਚੇਗਾ
ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਫ਼ਰੀਦਕੋਟ ਤੋਂ ਆਰੰਭ ਨਗਰ ਕੀਰਤਨ ਭਲਕੇ 20 ਨਵੰਬਰ ਨੂੰ ਲੁਧਿਆਣਾ ਪਹੁੰਚੇਗਾ ਅਤੇ 20-21 ਨਵੰਬਰ ਨੂੰ ਸ਼ਹਿਰ ਵਿੱਚੋਂ ਲੰਘੇਗਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। 20 ਨਵੰਬਰ ਨੂੰ ਰੂਟ (ਐਂਟਰੀ ਅਤੇ ਰਾਤ ਦਾ ਠਹਿਰਾਅ) ਨਗਰ ਕੀਰਤਨ ਪਿੰਡ ਅਗਵਾੜ ਲੋਪੋਂ ਖੁਰਦ (ਜਗਰਾਉਂ) ਤੋਂ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਦਾ ਹੋਇਆ ਜਗਰਾਉਂ ਸ਼ਹਿਰ, ਮੁੱਲਾਂਪੁਰ-ਇਆਲੀ ਚੌਕ, ਵੇਵ ਮਾਲ, ਲੋਧੀ ਕਲੱਬ, ਸੀਨੀਅਰ ਸਿਟੀਜ਼ਨ ਹੋਮ, ਆਰਤੀ ਚੌਕ, ਭਾਈਵਾਲਾ ਚੌਂਕ, ਡੀ ਸੀ ਦਫਤਰ ਅਤੇ ਦੁਰਗਾ ਮਾਤਾ ਮੰਦਰ ਤੋਂ ਹੁੰਦਾ ਹੋਇਆ ਲੁਧਿਆਣਾ ਜ਼ਿਲ੍ਹੇ ਵਿੱਚ ਦਾਖ਼ਲ ਕਰੇਗਾ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿੱਚ ਰਾਤ ਦਾ ਠਹਿਰਾਅ ਹੋਵੇਗਾ। 21 ਨਵੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਮੁੜ ਆਰੰਭ ਹੋਵੇਗਾ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਹੁਕਮ ਜਾਰੀ ਕੀਤੇ ਹਨ ਕਿ ਨਗਰ ਕੀਰਤਨ ਦੇ ਪੂਰੇ ਰੂਟ ’ਤੇ ਸਥਿਤ ਸਾਰੀਆਂ ਸ਼ਰਾਬ, ਮਾਸ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਕਿਸੇ ਵੀ ਕਾਰਵਾਈ, ਨਾਅਰੇ ਜਾਂ ਗਤੀਵਿਧੀ ’ਤੇ ਸਖ਼ਤ ਪਾਬੰਦੀ ਹੋਵੇਗੀ।
ਸ਼ਹਿਰ ਵਿੱਚ ਕਈ ਸੜਕਾਂ ’ਤੇ ਬੰਦ ਰਹੇਗੀ ਆਵਾਜਾਈ
Advertisementਫਿਰੋਜ਼ਪੋਰ ਰੋਡ ਤੋਂ ਬੱਸ ਸਟੈਂਡ, ਦਿੱਲੀ ਰੋਡ ਵੱਲ ਜਾਣ ਵਾਲੀ ਟਰੈਫਿਕ ਗਲੋਬਲ ਹਸਪਤਾਲ ਤੋਂ ਪੁਲ ਦੇ ਉਪਰੋਂ ਹੁੰਦੀ ਹੋਈ ਆਪਣੇ ਮੰਜ਼ਿਲ ਵੱਲ ਜਾਵੇਗੀ। ਇਸ ਦੇ ਨਾਲ ਹੀ ਫਿਰੋਜ਼ਪੁਰ ਰੋਡ ਤੋਂ ਜਲੰਧਰ ਜਾਣ ਵਾਲੀ ਟਰੈਫਿਕ ਗਲੋਬਲ ਹਸਪਤਾਲ ਤੋਂ ਪੁਲ ਦੇ ਉੱਪਰੋਂ ਵੇਰਕਾ ਮਿਲਕ ਪਲਾਂਟ ਤੇ ਸਾਊਥ ਸਿਟੀ ਰਾਹੀਂ ਅੱਗੇ ਵਧੇਗੀ। ਨਗਰ ਕੀਰਤਨ ਦੇ ਸ਼ਹਿਰ ਵਿੱਚ ਪ੍ਰਵੇਸ਼ ਕਰਨ ’ਤੇ ਫਿਰੋਜ਼ਪੁਰ ਨੂੰ ਜਾਣ ਵਾਲੀ ਸਾਰੀ ਟਰੈਫਿਕ ਪੁਲ ਦੇ ਉਪਰੋਂ ਡਾਇਵਰਟ ਕੀਤੀ ਜਾਵੇਗੀ।
