ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਭਾਰੀ ਨਗਰ ਕੀਰਤਨ ਸਜਾਇਆ ਗਿਆ ਜੋ ਵੱਖ-ਵੱਖ ਇਲਾਕਿਆਂ ਤੋਂ ਗੁਜ਼ਰਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਨਾਲ ਸੱਜੀ ਪਾਲਕੀ ਵਿੱਚ ਸ਼ੁਸ਼ੋਭਿਤ ਸੀ ਜਦਕਿ ਉਸਦੀ ਤਾਬਿਆ ਕੀਰਤਨੀ ਜੱਥੇ ਨੌਵੇਂ ਪਾਤਸ਼ਾਹ ਵੱਲੋਂ ਰਚਿਤ ਗੁਰਬਾਣੀ ਦਾ ਮਨੋਹਰ ਕੀਰਤਨ ਕਰ ਰਹੇ ਸਨ। ਨਗਰ ਕੀਰਤਨ ਵਿੱਚ ਸ਼ਬਦੀ ਜੱਥੇ, ਇਸਤਰੀ ਸਤਿਸੰਗ ਸਭਾਵਾਂ, ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।
ਨਗਰ ਕੀਰਤਨ ਦੌਰਾਨ ਬੀਬੀਆਂ ਦੇ ਜੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ ਸੜਕ ਦੀ ਸਫ਼ਾਈ ਕਰ ਰਹੇ ਸਨ ਜਦਕਿ ਪਿੱਛੇ ਸੰਗਤ ਵੱਲੋਂ ਗੁਰਬਾਣੀ ਜਾਪ ਕੀਤਾ ਜਾ ਰਿਹਾ ਸੀ।
ਨਗਰ ਕੀਰਤਨ ਦੇ ਸਵਾਗਤ ਵਿੱਚ ਥਾਂ-ਥਾਂ ਸੰਗਤ ਵੱਲੋਂ ਲੰਗਰ ਲਗਾਏ ਗਏ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਚੌਕ ਘੰਟਾ ਘਰ ਵਿਖੇ ਸਟੇਜ ਲਗਾ ਕੇ ਜਥਿਆਂ ਨੂੰ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਵਿੰਕਲ, ਕੁਲਦੀਪ ਸਿੰਘ ਦੂਆ ਅਤੇ ਪ੍ਰਹਲਾਦ ਸਿੰਘ ਢੱਲ ਵੱਲੋਂ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਟਰੈਫਿਕ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸਾਥੀਆਂ ਸਮੇਤ ਨਗਰ ਕੀਰਤਨ ਵਿੱਚ ਸ਼ਾਮਲ ਜਥਿਆਂ ਦਾ ਸਨਮਾਨ ਕੀਤਾ।
ਨਗਰ ਕੀਰਤਨ ਵਿੱਚ ਸ਼ਰਧਾਲੂ ਚੋਰ ਗਰੋਹ ਦੇ ਨਿਸ਼ਾਨੇ ’ਤੇ, ਦੋ ਸ਼ੱਕੀ ਕਾਬੂ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਸਬੰਧੀ ਸਜਾਏ ਨਗਰ ਕੀਰਤਨਾਂ ’ਤੇ ਸੰਗਤ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਸ਼ਰਧਾ ਦੇ ਫੁੱਲ ਭੇਟ ਕਰਨ ਆ ਰਹੀ ਹੈ, ਦੂਜੇ ਪਾਸੇ ਚੋਰ ਗਰੋਹ ਵੱਲੋਂ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਜਦੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਤਾਂ ਠਾਠਾਂ ਮਾਰਦੇ ਸੰਗਤ ਦੇ ਇਕੱਠ ਵਿਚ ਚੋਰ ਗਰੋਹ ਵੀ ਸਰਗਰਮ ਰਿਹਾ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਔਰਤਾਂ ਦਾ ਇੱਕ ਵੱਡਾ ਗਰੋਹ ਮਾਛੀਵਾੜਾ ਪੁਲੀਸ ਥਾਣਾ ਅੱਗੇ ਬੇਖੌਫ਼ ਹੋ ਕੇ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਿਹਾ ਸੀ। ਪੁਲੀਸ ਵਲੋਂ ਥਾਣੇ ਅੱਗੇ ਸਲਾਮੀ ਦੇਣੀ ਸੀ ਅਤੇ ਲੋਕਾਂ ਦੀ ਸੁਰੱਖਿਆ ਲਈ ਡੀ ਐੱਸ ਪੀ ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਵੱਲੋਂ ਸਿਵਲ ਵਰਦੀ ਵਿਚ ਕਰਮਚਾਰੀ ਤਾਇਨਾਤ ਕੀਤੇ ਸਨ। ਪੁਲੀਸ ਦੇ ਇੱਕ ਕਰਮਚਾਰੀ ਦੀ ਨਜ਼ਰ ਥਾਣਾ ਨੇੜੇ ਖੜ੍ਹੇ ਇਨ੍ਹਾਂ ਔਰਤਾਂ ਦੇ ਗਰੋਹ ’ਤੇ ਪੈ ਗਈ ਜਿਸ ਨੂੰ ਸ਼ੱਕ ਹੋਇਆ ਕਿ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ। ਇਸ ਪੁਲੀਸ ਕਰਮਚਾਰੀ ਨੇ ਫੌਰੀ ਡੀ ਐੱਸ ਪੀ ਨੂੰ ਸੂਚਨਾ ਦਿੱਤੀ। ਪੁਲੀਸ ਵਲੋਂ ਸ਼ੱਕੀ ਔਰਤਾਂ ਨੂੰ ਹਿਰਾਸਤ ਲਿਆ ਗਿਆ। ਇਸ ਦੌਰਾਨ ਕੁਝ ਹੀ ਸਮੇਂ ਮਗਰੋਂ ਮਾਛੀਵਾੜਾ ਪੁਲੀਸ ਕੋਲ ਤਿੰਨ ਸ਼ਿਕਾਇਤਾਂ ਪੁੱਜੀਆਂ, ਜਿਸ ਵਿਚੋਂ ਇੱਕ ਔਰਤ ਨੇ ਕਿਹਾ ਕਿ ਉਸਦੇ ਹੱਥ ’ਚੋਂ ਸੋਨੇ ਦੀ ਚੂੜੀ ਗਾਇਬ ਹੈ ਜਦਕਿ ਦੋ ਆੜ੍ਹਤੀਆਂ ਨੇ ਪਰਸ ਤੇ ਹੋਰ ਜ਼ਰੂਰੀ ਦਸਤਾਵੇਜ਼ ਹੋਣ ਦੀ ਗੱਲ ਆਖੀ। ਜਾਣਕਾਰੀ ਅਨੁਸਾਰ ਚਰਨ ਕੰਵਲ ਚੌਕ ਨੇੜੇ ਨਗਰ ਕੀਰਤਨ ’ਚ ਸ਼ਾਮਲ ਇੱਕ ਸ਼ੱਕੀ ਔਰਤ ਨੂੰ ਵੀ ਕਾਬੂ ਕੀਤਾ ਗਿਆ। ਉਹ ਮਹਿਲਾ ਸ਼ਰਧਾਲੂ ਦੀ ਚੇਨੀ ਉਤਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਲੋਕਾਂ ਨੇ ਉਸਦੀ ਧੱਕਾ-ਮੁੱਕੀ ਕਰ ਛੱਡ ਦਿੱਤਾ ਗਿਆ। ਪੁਲੀਸ ਵਲੋਂ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸ਼ੱਕੀ ਔਰਤਾਂ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਇਨ੍ਹਾਂ ’ਚੋਂ ਕਈਆਂ ’ਤੇ ਅਪਰਾਧਕ ਮਾਮਲੇ ਦਰਜ ਹਨ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਸ਼ਿਕਾਇਤਾਂ ਆਈਆਂ ਹਨ, ਉਸ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ਼ਰਧਾਲੂਆਂ ਨੂੰ ਮੋਬਾਈਲ, ਪਰਸ ਤੇ ਗਹਿਣੇ ਸੰਭਾਲ ਕੇ ਰੱਖਣ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਵਿੱਚ ਇੱਕ ਵਾਹਨ ’ਤੇ ਸਪੀਕਰ ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਆਪਣੇ ਮੋਬਾਈਲ, ਪਰਸ ਅਤੇ ਗਹਿਣਿਆਂ ਦਾ ਖਿਆਲ ਰੱਖਣ। ਹਾਲਾਂਕਿ, ਇਸ ਦੇ ਬਾਵਜੂਦ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਗਿਆ।
