ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਸਲਿਮ ਭਾਈਚਾਰੇ ਨੇ ਅਤਿਵਾਦ ਦਾ ਪੁਤਲਾ ਫੂਕਿਆ

ਅਤਿਵਾਦੀ ਦੇਸ਼ ਤੇ ਇਸਲਾਮ ਦੇ ਵੀ ਗੱਦਾਰ: ਸ਼ਾਹੀ ਇਮਾਮ
ਲੁਧਿਆਣਾ ਵਿੱਚ ਅਤਿਵਾਦ ਦਾ ਪੁਤਲਾ ਫੂਕਦਾ ਹੋਇਆ ਮੁਸਲਿਮ ਭਾਈਚਾਰਾ। -ਫੋਟੋ: ਇੰਦਰਜੀਤ ਵਰਮਾ
Advertisement

ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਰਹੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਅੱਜ ਜ਼ੁੰਮੇ ਦੀ ਨਮਾਜ਼ ਤੋਂ ਬਾਅਦ ਅਤਿਵਾਦ ਖ਼ਿਲਾਫ਼ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਮੁਸਲਮਾਨਾਂ ਨੇ ਅਤਿਵਾਦ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਲਾਲ ਕਿਲ੍ਹੇ ਅੱਗੇ ਅਤਿਵਾਦੀ ਹਮਲਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਸਿਰਫ਼ ਸਾਡੇ ਦੇਸ਼ ਦੇ ਹੀ ਨਹੀਂ ਬਲਕਿ ਇਸਲਾਮ ਦੇ ਵੀ ਗੱਦਾਰ ਹਨ ਕਿਉਂਕਿ ਅਤਿਵਾਦੀ ਸੰਗਠਨ ਬੇਕਸੂਰ ਨਿਹੱਥੇ ਲੋਕਾਂ ਤੇ ਇਸਲਾਮ ਦਾ ਨਾਮ ਲੈ ਕੇ ਹਮਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਖ਼ਿਲਾਫ਼ ਸਾਜ਼ਿਸ਼ ਕਰਨ ਵਾਲੇ ਇਹ ਘਟੀਆ ਲੋਕ ਇਸਲਾਮ ਦੇ ਖ਼ਿਲਾਫ਼ ਵੀ ਸਾਜ਼ਿਸ਼ਾਂ ਰਚ ਰਹੇ ਹਨ।

Advertisement

ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਇਸਲਾਮ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਨਿਹੱਥੇ ਬੇਕਸੂਰ ਅਤੇ ਆਮ ਨਾਗਰਿਕਾਂ ’ਤੇ ਹਮਲਾ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੰਦਾ, ਫਿਰ ਇਹ ਕੌਣ ਲੋਕ ਹਨ ਜੋ ਵਾਰ-ਵਾਰ ਬੇਕਸੂਰ ਲੋਕਾਂ ’ਤੇ ਬੰਬ ਅਤੇ ਗੋਲੀਆਂ ਚਲਾਉਂਦੇ ਹਨ? ਉਨ੍ਹਾਂ ਕਿਹਾ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਹੁਣ ਤੱਕ ਪੂਰੇ ਦੇਸ਼ ਵਿੱਚ ਅਤਿਵਾਦੀ ਸਰਗਰਮੀਆਂ ਵਿੱਚ ਜੋ ਵੀ ਵਿਅਕਤੀ ਫੜੇ ਗਏ ਹਨ, ਇਨ੍ਹਾਂ ਸਾਰਿਆਂ ਦਾ ਸਬੰਧ ਕਿਸੇ ਇੱਕ ਧਰਮ ਨਾਲ ਨਹੀਂ ਹੈ।

ਸ਼ਾਹੀ ਇਮਾਮ ਨੇ ਮੰਗ ਕੀਤੀ ਕਿ ਅਤਿਵਾਦੀ ਸਰਗਰਮੀਆਂ ਵਿੱਚ ਸ਼ਾਮਲ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਅਤੇ ਜਲਦ ਕਾਰਵਾਈ ਕੀਤੀ ਜਾਵੇ ਤਾਂ ਜੋ ਗੱਦਾਰਾਂ ਨੂੰ ਇੱਕ ਸਾਫ਼ ਸੁਨੇਹਾ ਦੇ ਕੇ ਸਬਕ ਸਿਖਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਆਜ਼ਾਦੀ ਘੁਲਾਟੀਏ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਦੇ ਪਰਿਵਾਰ ਨੇ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਦਾ ਵਿਰੋਧ ਕੀਤਾ ਸੀ ਅਤੇ ਇਨ੍ਹਾਂ ਦੀ ਜਮਾਤ ਮਜਲਿਸ ਅਹਿਰਾਰ ਇਸਲਾਮ ਵੱਲੋਂ ਆਜ਼ਾਦੀ ਲਈ, ਜੋ ਅੰਦੋਲਨ ਚਲਾਏ ਗਏ ਸਨ, ਉਹ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਖਾਸ ਕਰਕੇ ਦੇਸ਼ ਦੇ ਗੱਦਾਰਾਂ ਖ਼ਿਲਾਫ਼ ਸਨ‌। ਸ਼ਾਹੀ ਇਮਾਮ ਹਮੇਸ਼ਾ ਹੀ ਦੇਸ਼ ਭਰ ਦੇ ਮੁਸਲਮਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਅਤਿਵਾਦ ਖ਼ਿਲਾਫ਼ ਆਵਾਜ਼ ਚੁੱਕਣ ਅਤੇ ਅਤਿਵਾਦ ਨੂੰ ਇਸਲਾਮ ਨਾਲ ਜੋੜਨ ਦੀ ਕੋਸ਼ਿਸ਼ ਕਰਨ ਵਾਲੇ ਗੈਰ-ਸਮਾਜੀ ਤੱਤਾਂ ਬਾਰੇ ਸਮਾਜ ਨੂੰ ਜਾਗਰੂਕ ਕਰਨ।

Advertisement
Show comments