ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਗਮ ਕਾਮਿਆਂ ਨੇ ਮੇਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ

ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ; ਮੇਅਰ ਨੇ ਧਰਨੇ ’ਚ ਪੁੱਜ ਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ
ਲੁਧਿਆਣਾ ਵਿਚ ਮੇਅਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ। ਫੋਟੋ: ਪੰਜਾਬੀ ਟ੍ਰਿਬਿਊਨ
Advertisement

ਨਗਰ ਨਿਗਮ ਕਰਮਚਾਰੀ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਲਈ ਅਨੋਖੇ ਢੰਗ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਕੈਂਪ ਆਫ਼ਿਸ ਦੇ ਬਾਹਰ ਧਰਨਾ ਦਿੱਤਾ। ਢੋਲ ਵਜਾਉਂਦੇ ਹੋਏ ਰੋਜ਼ ਗਾਰਡਨ ਨੇੜੇ ਸਥਿਤ ਮੇਅਰ ਹਾਊਸ ਦੇ ਬਾਹਰ ਪਹੁੰਚੇ ਯੂਨੀਅਨ ਆਗੂਆਂ ਨੇ ਨਗਰ ਨਿਗਮ ਅਤੇ ‘ਆਪ’ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਨ ਨੇ ਕੀਤੀ। ਉਨ੍ਹਾਂ ਮੇਅਰ ਇੰਦਰਜੀਤ ਕੌਰ ਨੂੰ ਮੰਗ ਪੱਤਰ ਦਿੱਤਾ ਅਤੇ ਉਨ੍ਹਾਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਕਿਹਾ। ਧਰਨੇ ਵਿੱਚ ਪੁੱਜੀ ਮੇਅਰ ਇੰਦਰਜੀਤ ਕੌਰ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਬਾਰੇ ਸਰਕਾਰ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ।

ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਮੈਂਬਰ ਢੋਲ ਲੈ ਕੇ ਨਗਰ ਨਿਗਮ ਮੇਅਰ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪੁੱਜ ਗਏ। ਉਨ੍ਹਾਂ ਸਪੀਕਰ ’ਤੇ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਢੋਲ ਵਜਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਵਿਰੋਧ ਪ੍ਰਦਰਸ਼ਨ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਪਹਿਲਾਂ ਹੀ ਮੇਅਰ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਸਨ। ਨਗਰ ਨਿਗਮ ਦੇ ਕਰਮਚਾਰੀ ਥੋੜ੍ਹੀ ਦੂਰੀ ’ਤੇ ਪੈਦਲ ਮਾਰਚ ਕਰਦੇ ਹੋਏ ਰਿਹਾਇਸ਼ ਦੇ ਬਾਹਰ ਹੀ ਧਰਨੇ ’ਤੇ ਬੈਠ ਗਏ। ਯੂਨੀਅਨ ਆਗੂ ਨਰੇਸ਼ ਧੀਂਗਨ ਨੇ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀ ਸਥਾਈ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਪਰ ਮੌਜੂਦਾ ਮੇਅਰ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜਦੋਂ ਵੀ ਉਹ ਇਸ ਮਾਮਲੇ ’ਤੇ ਚਰਚਾ ਕਰਦੇ ਹਨ, ਉਨ੍ਹਾਂ ਨੂੰ ਸਥਾਈ ਰੁਜ਼ਗਾਰ ਦੀ ਥਾਂ ’ਤੇ ਵਾਅਦਾ ਹੀ ਮਿਲਦਾ ਹੈ। ਨਰੇਸ਼ ਧੀਂਗਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਲਾਰਾ ਲਾਇਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਮੁਲਾਜ਼ਮਾਂ ਦੀ ਉਮਰ ਵੱਧਦੀ ਜਾ ਰਹੀ ਹੈ, ਸਾਲਾਂ ਤੋਂ ਉਹ ਨਗਰ ਨਿਗਮ ਵਿੱਚ ਠੇਕੇ ’ਤੇ ਕੰਮ ਕਰ ਹਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਖੁਦ ਮੇਅਰ ਡੂੰਘੀ ਨੀਂਦ ਵਿੱਚ ਹਨ। ਉਹ ਉਨ੍ਹਾਂ ਨੂੰ ਜਗਾਉਣ ਲਈ ਢੋਲ ਲੈ ਕੇ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਓਵਰਏਜ਼ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਦਰਜਾ 4 ਮੁਲਾਜ਼ਮ (ਸੀਵਰਮੈਨ, ਸਫ਼ਾਈ ਸੇਵਕ, ਮਾਲੀ, ਬੇਲਦਾਰ ਤੇ ਡਰਾਈਵਰ) ਜੋ ਕੱਚੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਏ। ਠੇਕੇਦਾਰੀ ਪ੍ਰਧਾ ਖ਼ਤਮ ਕੀਤੀ ਜਾਏ। ਸਫ਼ਾਈ ਸੇਵ ਘਰਾਂ ਵਿੱਚੋਂ ਕੂੜਾ ਚੁੱਕ ਰਹੇ ਹਨ, ਉਨ੍ਹਾਂ ਦਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਨੂੰ ਨਾ ਦਿੱਤਾ ਜਾਵੇ। ਵਿਰੋਧ ਪ੍ਰਦਰਸ਼ਨ ਨੂੰ ਦੇਖ ਕੇ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚੀ। ਉਸ ਨੇ ਕਰਮਚਾਰੀਆਂ ਤੋਂ ਮੰਗਾਂ ਦਾ ਇੱਕ ਮੰਗ ਪੱਤਰ ਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਨੇ ਧਰਨਾ ਖ਼ਤਮ ਕੀਤਾ।

Advertisement

Advertisement
Show comments