ਨਗਰ ਕੌਂਸਲ ਨੇ ਕਬਜ਼ਿਆਂ ਖਿਲਾਫ਼ ਮੁਹਿੰਮ ਚਲਾਈ
ਨਗਰ ਕੌਂਸਲ ਦੀ ਤਹਿਬਾਜ਼ਾਰੀ ਟੀਮ ਨੇ ਇੰਚਾਰਜ ਅਨਿਲ ਕੁਮਾਰ ਦੀ ਅਗਵਾਈ ਹੇਠ ਅੱਜ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦਿਆਂ ਅਮਲੋਹ ਰੋਡ ਤੋਂ ਲੈ ਕੇ ਗੁਰੂ ਅਮਰਦਾਸ ਮਾਰਕੀਟ ਤੱਕ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ। ਟੀਮ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਮੇਤ ਜੀਟੀ ਰੋਡ ’ਤੇ ਲੱਗਣ ਵਾਲੀ ਮੰਜਾ ਮਾਰਕੀਟ ਨੇੜੇ ਵੀ ਕਾਰਵਾਈ ਕੀਤੀ। ਦੱਸਣਯੋਗ ਹੈ ਕਿ ਰੇਹੜੀ-ਫੜ੍ਹੀ ਵਾਲਿਆਂ ਨੇ ਜੀ ਟੀ ਰੋਡ ’ਤੇ ਸਰਵਿਸ ਰੋਡ ਤੱਕ ਕਾਬਜ਼ਾ ਕਰ ਲਿਆ ਹੈ ਜਿਸ ਕਾਰਨ ਸਾਰਾ ਦਿਨ ਸ਼ਹਿਰ ਵਿੱਚ ਜਾਮ ਲੱਗਿਆ ਰਹਿੰਦਾ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਹੋਰ ਮੀਡੀਆ ’ਚ ਆਲੋਚਨਾ ਹੋਣ ਤੋਂ ਬਾਅਦ ਨਗਰ ਕੌਂਸਲ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਬਜ਼ਾਧਾਰਕ ਕਿੰਨਾ ਸਮਾਂ ਆਪਣੀ ਆਦਤ ਤੋਂ ਬਾਜ਼ ਆਉਣਗੇ ਕਿਉਂਕਿ ਪਹਿਲਾਂ ਵੀ ਨਗਰ ਕੌਂਸਲ ਦੀ ਕਾਰਵਾਈ ਉਪਰੰਤ ਅਗਲੇ ਦਿਨ ਮੁੜ ਕਬਜ਼ੇ ਸ਼ੁਰੂ ਹੋ ਜਾਂਦੇ ਹਨ। ਕੌਂਸਲ ਦੀ ਟੀਮ ਨੇ ਨਜਾਇਜ਼ ਕਬਜ਼ੇ ਹਟਾਉਂਦਿਆਂ ਦੁਕਾਨਦਾਰਾਂ ਨੂੰ ਮੁੜ ਕਬਜ਼ਾ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁੜ ਕਬਜ਼ੇ ਕੀਤੇ ਗਏ ਤਾਂ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
