ਨਗਰ ਨਿਗਮ ਵੱਲੋਂ ਅੱਠ ਗੈਰ-ਕਾਨੂੰਨੀ ਇਮਾਰਤਾਂ ’ਤੇ ਕਾਰਵਾਈ
ਮਾਡਲ ਟਾਊਨ ਐਕਸਟੈਂਸ਼ਨ, ਮਾਡਲ ਟਾਊਨ-ਜਵੱਦੀ ਰੋਡ ਅਤੇ ਸਰਾਭਾ ਨਗਰ ਇਲਾਕੇ ਵਿੱਚ ਚਲਾਈ ਮੁਹਿੰਮ
Advertisement
ਨਾਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਲੁਧਿਆਣਾ ਦੀ ਬਿਲਡਿੰਗ ਸ਼ਾਖਾ ਨੇ ਅੱਜ ਮਾਡਲ ਟਾਊਨ ਐਕਸਟੈਂਸ਼ਨ, ਮਾਡਲ ਟਾਊਨ-ਜਵੱਦੀ ਰੋਡ ਅਤੇ ਸਰਾਭਾ ਨਗਰ ਇਲਾਕੇ ਵਿੱਚ ਅੱਠ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ। ਇਨ੍ਹਾਂ ਵਿੱਚੋਂ ਮਾਡਲ ਟਾਊਨ ਵਿੱਚ ਇੱਕ ਇਮਾਰਤ ਸੀਲ ਕਰ ਦਿੱਤੀ ਗਈ, ਜਦੋਂ ਕਿ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਤਿੰਨ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਬਿਲਡਿੰਗ ਸ਼ਾਖਾ ਨੇ ਸਰਾਭਾ ਨਗਰ ਦੇ ਜੇ-ਬਲਾਕ ਵਿੱਚ ਇੱਕ ਇਮਾਰਤ ਅਤੇ ਮਾਡਲ ਟਾਊਨ-ਜਵੱਦੀ ਰੋਡ ’ਤੇ ਦੋ ਇਮਾਰਤਾਂ ਦੇ ਗੈਰ-ਕਾਨੂੰਨੀ ਹਿੱਸਿਆਂ ਨੂੰ ਢਾਹ ਦਿੱਤਾ। ਜਵਾਹਰ ਨਗਰ ਕੈਂਪ ਇਲਾਕੇ ਵਿੱਚ ਇੱਕ ਗੈਰ-ਕਾਨੂੰਨੀ ਵਪਾਰਕ ਉਸਾਰੀ ਨੂੰ ਵੀ ਢਾਹ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਜ਼ੋਨ ਡੀ ਦੀ ਬਿਲਡਿੰਗ ਸ਼ਾਖਾ ਵੱਲੋਂ ਕਾਰਵਾਈ ਕੀਤੀ ਗਈ ਹੈ।
Advertisement
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਰ ਨਗਰ ਇਲਾਕੇ ਵਿੱਚ ਸੜਕ ਵਾਲੇ ਹਿੱਸੇ ’ਤੇ ਇੱਕ ਰਿਹਾਇਸ਼ੀ ਇਮਾਰਤ ਦੇ ਮਾਲਕ ਵੱਲੋਂ ਕੀਤਾ ਗਿਆ ਕਬਜ਼ਾ ਵੀ ਹਟਾ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Advertisement