ਨਗਰ ਨਿਗਮ ਨੇ ਧਸੀ ਹੋਈ ਸੜਕ ਠੀਕ ਕਰਵਾਈ
ਸਥਾਨਕ ਮਾਡਲ ਟਾਊਨ ਵਿੱਚ ਪਿਛਲੇ ਦਿਨੀਂ ਮਿੰਟਗੁਮਰੀ ਚੌਕ ਵਿੱਚ ਜਿਹੜੀ ਸੜਕ ਧੱਸ ਗਈ ਸੀ, ਉਸ ਦੀ ਮੁਰੰਮਤ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ। ਅੱਜ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਮੁਲਾਜ਼ਮਾਂ ਵੱਨੋਂ ਸੜਕ ਨੂੰ ਪੁੱਟ ਕੇ ਟੁੱਟ ਚੁੱਕੀਆਂ ਪਾਈਪਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਕਿਹਾ ਕਿ ਇੱਕ ਪੁਰਾਣਾ ਪਾਈਪ ਟੁੱਟ ਗਿਆ ਸੀ, ਉਸ ਨੂੰ ਠੀਕ ਕੀਤਾ ਜਾ ਰਿਹਾ ਹੈ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਕਈ ਵਾਰ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਬਾਰੇ ਦੱਸਿਆ ਗਿਆ ਹੈ ਪਰ ਇਸ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮਾਡਲ ਟਾਊਨ ਵਿੱਚ ਜਿੱਥੇ ਸੜਕ ਧੱਸੀ ਹੈ, ਉਥੇ ਮੀਂਹ ਪੈਣ ਤੋਂ ਕਈ-ਕਈ ਘੰਟੇ ਬਾਅਦ ਤੱਕ ਪਾਣੀ ਖੜ੍ਹਾ ਰਹਿੰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਅਤੇ ਹੋਰ ਕੰਮਾਂ ਲਈ ਕਈ ਪ੍ਰਾਈਵੇਟ ਕੰਪਨੀਆਂ ਵੱਲੋਂ ਅੰਡਰ-ਗਰਾਊਂਡ ਤਾਰਾਂ ਅਤੇ ਪਾਈਪ ਪਾਏ ਜਾ ਰਹੇ ਹਨ। ਇਸ ਦੌਰਾਨ ਕਈ ਵਾਰ ਸੀਵਰੇਜ/ਪਾਣੀ ਦੀ ਸਪਲਾਈ ਵਾਲੇ ਪਾਈਪਾਂ ਨੂੰ ਵੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਪਹਿਲਾਂ ਹਰਕਤ ਵਿੱਚ ਆ ਜਾਂਦਾ ਤਾਂ ਅੱਜ ਮੁਰੰਮਤ ਲਈ ਇੰਨਾ ਵੱਡਾ ਟੋਇਆ ਪੁੱਟਣ ਦੀ ਲੋੜ ਨਹੀਂ ਪੈਣੀ ਸੀ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਹ ਭੀੜ-ਭੜੱਕੇ ਵਾਲੀ ਥਾਂ ਹੈ। ਇੱਥੇ ਨਾ ਕੋਈ ਬੈਰੀਕੇਡ ਕੀਤਾ ਅਤੇ ਨਾ ਹੀ ਕੋਈ ਪੁਲੀਸ ਮੁਲਾਜ਼ਮ ਖੜ੍ਹਾ ਕੀਤਾ ਗਿਆ ਹੈ। ਇੱਥੋਂ ਕੁੱਝ ਦੂਰੀ ’ਤੇ ਦੋ-ਤਿੰਨ ਸਕੂਲ, ਦੋ ਹਸਪਤਾਲ ਅਤੇ ਹੋਰ ਵਪਾਰਕ ਅਦਾਰੇ ਹਨ ਜੋ ਸੋਮਵਾਰ ਨੂੰ ਖੁੱਲ੍ਹ ਜਾਣਗੇ। ਇੱਥੇ ਮੁਰੰਮਤ ਦਾ ਕੰਮ ਚੱਲਦਾ ਹੋਣ ਕਰਕੇ ਲੋਕਾਂ ਨੂੰ ਜਾਮ ਲੱਗਣ ਕਰਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਸੜਕ ਦੇ ਧਸਣ ਸਬੰਧੀ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਬਾਅਦ ਨਗਰ ਨਿਗਮ ਵੱਲੋਂ ਛੁੱਟੀ ਵਾਲੇ ਦਿਨ ਹੀ ਇਸ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇਸੀਬੀ ਮਸ਼ੀਨ ਨਾਲ ਮਿੱਟੀ ਕੱਢਣ ਤੋਂ ਬਾਅਦ ਟੁੱਟੇ ਹੋਏ ਪਾਈਪ ਦੀ ਮੁਰੰਮਤ ਕੀਤੀ ਜਾ ਰਹੀ ਸੀ। ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਕਿਹਾ ਕਿ ਟੁੱਟੇ ਪਾਈਪ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਇਹ ਮੁਕੰਮਲ ਕਰ ਲਿਆ ਜਾਵੇਗਾ।