ਨਗਰ ਨਿਗਮ ਲੁਧਿਆਣਾ ਵੱਲੋਂ 1091 ਕਰੋੜ ਦਾ ਬਜਟ ਪਾਸ
ਗਗਨਦੀਪ ਅਰੋੜਾ
ਲੁਧਿਆਣਾ, 20 ਮਾਰਚ
ਨਗਰ ਨਿਗਮ ਲੁਧਿਆਣਾ ਦੀ ਪਲੇਠੀ ਜਨਰਲ ਹਾਊਸ ਦੀ ਮੀਟਿੰਗ ਵੀਰਵਾਰ ਨੂੰ ਹੰਗਾਮੇ ਦੀ ਭੇਟ ਚੜ੍ਹ ਗਈ। ਬਿਨਾਂ ਚਰਚਾ ਨਗਰ ਨਿਗਮ ਲੁਧਿਆਣਾ ਨੇ 15 ਮਿੰਟਾਂ ਵਿੱਚ 1091 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ। ‘ਆਪ’ ਦੀ ਮੇਅਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਇਹ ਪਹਿਲੀ ਮੀਟਿੰਗ ਸੀ, ਜਿਸ ਵਿੱਚ ਕੌਂਸਲਰਾਂ ਨੇ ਕਾਫ਼ੀ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਕੌਂਸਲਰਾਂ ਦੇ ਦੋਸ਼ ਸਨ ਕਿ ਵਿਰੋਧੀ ਕੌਂਸਲਰਾਂ ਨਾਲ ਮਤਰੇਆ ਵਿਹਾਰ ਕੀਤਾ ਜਾ ਰਿਹਾ ਹੈ। ਕੌਂਸਲਰਾਂ ਨੇ ਜਦੋਂ ਬਜਟ ’ਤੇ ਚਰਚਾ ਸ਼ੁਰੂ ਕੀਤੀ ਤਾਂ ਮੇਅਰ ਇੰਦਰਜੀਤ ਕੌਰ ਨੇ ਮੀਟਿੰਗ ਨੂੰ ਬਰਖਾਸਤ ਕਰ ਦਿੱਤਾ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਕਾਂਗਰਸੀ ਤੇ ਭਾਜਪਾ ਦੇ ਕੌਂਸਲਰਾਂ ਨੇ ਮੇਅਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੇਅਰ ਇੰਦਰਜੀਤ ਕੌਰ ਮੀਟਿੰਗ ਖਤਮ ਕਰਨ ਦੀ ਗੱਲ ਕਹਿੰਦੇ ਹੀ ਦਫ਼ਤਰ ਵਿੱਚੋਂ ਚਲੇ ਗਏ ਜਿਸ ਤੋਂ ਬਾਅਦ ਵਿਰੋਧੀ ਪਾਰਟੀ ਦੇ ਕੌਂਸਲਰਾਂ ਨੇ ਪੌੜੀਆਂ ਵਿੱਚ ਬੈਠ ਕੇ ਮੇਅਰ ਦਫ਼ਤਰ ਨੇੜੇ ਧਰਨਾ ਵੀ ਦਿੱਤਾ।
ਭਾਜਪਾ ਕੌਂਸਲਰ ਗੁਰਪ੍ਰੀਤ ਗੋਰਾ, ਰੁਚੀ, ਰੋਹਿਤ ਸਿੱਕਾ, ਸੁਨੀਲ ਮੋਦਗਿਲ ਨੇ ਧਰਨੇ ਦੌਰਾਨ ਸਰਕਾਰ ਤੇ ਮੇਅਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਦੋਸ਼ ਲਗਾਏ ਕਿ ਜਿਹੜੇ ਕੌਂਸਲਰ ‘ਆਪ’ ਦੇ ਹਾਰੇ ਹੋਏ ਹਨ, ਉਹ ਕੌਂਸਲਰ ਵਜੋਂ ਕੰਮ ਕਰ ਰਹੇ ਹਨ।
ਬਿਨਾਂ ਤਿਆਰੀ ਆਏ ਸਨ ਵਿਰੋਧੀ ਕੌਂਸਲਰ: ਮੇਅਰ
ਹਾਊਸ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰ ਬਿਨਾਂ ਤਿਆਰੀ ਤੋਂ ਆਏ ਸਨ, ਇਸ ਕਰਕੇ ਉਹ ਬਜਟ ’ਤੇ ਚਰਚਾ ਕਰਨ ਦੀ ਬਜਾਇ ਹੋਰ ਗੱਲਾਂ ਕਰਨ ਲੱਗ ਗਏ ਸਨ। ਹਾਊਸ ਵਿੱਚ ਹੋਏ ਹੰਗਾਮੇ ’ਤੇ ਮੇਅਰ ਨੇ ਸਪੱਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਹਾਊਸ ਵਿੱਚ ਇਹ ਗੱਲ ਸਾਫ਼ ਕੀਤੀ ਸੀ ਕਿ ਹਰ ਪਾਰਟੀ ਦੇ ਇੱਕ ਆਗੂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਦੋਂ ਕਾਂਗਰਸੀ ਕੌਂਸਲਰਾਂ ਵੱਲੋਂ ਸ਼ਾਮ ਸੁੰਦਰ ਮਲਹੋਤਰਾ ਬੋਲ ਰਹੇ ਸਨ ਤਾਂ ਉਨ੍ਹਾਂ ਦੇ ਪਾਰਟੀ ਦੇ ਕੌਂਸਲਰਾਂ ਨੇ ਹੀ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ।