ਮੁੰਡੀਆਂ ਨੇ ਕਿਸਾਨਾਂ ਨੂੰ 25.05 ਲੱਖ ਦੀ ਰਾਹਤ ਰਾਸ਼ੀ ਵੰਡੀ
ਦੀਵਾਲੀ ਤੋਂ ਪਹਿਲਾਂ ਹੜ੍ਹ ਮੁਆਵਜ਼ਾ ਯਕੀਨੀ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮਾਛੀਵਾੜਾ ਬਲਾਕ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ 84 ਲਾਭਪਾਤਰੀਆਂ ਨੂੰ ਕੁੱਲ 25.05 ਲੱਖ ਰੁਪਏ ਦੀ ਰਾਹਤ ਰਾਸ਼ੀ ਵੰਡੀ। ਪਿੰਡ ਧੁੱਲੇਵਾਲ ਵਿਚ ਕਰਵਾਏ ਸਮਾਗਮ ਦੌਰਾਨ ਸਤੰਬਰ ਤੋਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਮੰਤਰੀ ਮੁੰਡੀਆਂ ਨੇ ਦਰਿਆ ਸਤਲੁਜ ਵਿਚ ਆਏ ਹੜ੍ਹ ਨਾਲ ਤਬਾਹ ਹੋਈਆਂ ਫਸਲਾਂ ਨੂੰ ਨਿੱਜੀ ਤੌਰ ’ਤੇ ਸਰਟੀਫਿਕੇਟ ਸੌਂਪੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮੁੰਡੀਆਂ ਅਤੇ ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਪਿੰਡ ਧੁੱਲੇਵਾਲ ਦੇ 64 ਕਿਸਾਨ ਨੂੰ 19,21,500 ਰੁਪਏ, ਪਿੰਡ ਸੈਂਸੋਵਾਲ ਖੁਰਦ ਦੇ 13 ਕਿਸਾਨ ਜਿਨ੍ਹਾਂ ਨੂੰ 3,04,250 ਰੁਪਏ, ਪਿੰਡ ਦੋਪਾਣਾ ਦੇ ਤਿੰਨ ਕਿਸਾਨ ਜਿਨ੍ਹਾਂ ਨੂੰ 44,250 ਰੁਪਏ, ਪਿੰਡ ਮੁਜਫਰੇਵਾਲ ਦੇ ਚਾਰ ਕਿਸਾਨਾਂ ਜਿਨ੍ਹਾਂ ਨੂੰ 2,35,875 ਰੁਪਏ ਵੰਡੇ ਗਏ। ਇਸ ਨਾਲ ਕੁੱਲ ਲਾਭਪਾਤਰੀਆਂ ਦੀ ਗਿਣਤੀ 84 ਹੋ ਗਈ ਹੈ ਅਤੇ ਕੁੱਲ 25,05,875 ਰੁਪਏ ਦੀ ਰਾਸ਼ੀ ਦਿੱਤੀ ਗਈ ਜਿਨ੍ਹਾਂ ਦੀ 150 ਏਕੜ ਤੋਂ ਵੱਧ ਫਸਲ ਹੜ੍ਹਾਂ ਦੀ ਮਾਰ ਕਾਰਨ ਪ੍ਰਭਾਵਿਤ ਹੋਈ ਸੀ। ਕੈਬਨਿਟ ਮੰਤਰੀ ਮੁੰਡੀਆਂ ਨੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਨਾਲ ਮਿਲ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਰਕਾਰ ਲੋਕਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ ਜੋ ਕਿ ਪਿਛਲੀ ਕਿਸੇ ਸਰਕਾਰ ਨੇ ਕਦੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਨੂੰ ਫਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਘਰਾਂ ਦੇ ਨੁਕਸਾਨ ਲਈ 1,20,000 ਰੁਪਏ ਤੱਕ ਅਤੇ ਪਸ਼ੂਆਂ ਦੀ ਸਹਾਇਤਾ ਮਿਲੇ ਇਹ ਸਭ ਕੁਝ ਸਿਰਫ਼ 45 ਦਿਨਾਂ ਦੇ ਅੰਦਰ-ਅੰਦਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਗਿਰਦਾਵਰੀ ਟੀਮਾਂ ਨੇ ਹਰ ਘਰ ਤੱਕ ਪਹੁੰਚ ਕੀਤੀ ਅਤੇ ਆਪਣੀ ਅਣਥੱਕ ਮਿਹਨਤ ਨਾਲ ਇਸ ਵਿਸ਼ਾਲ ਕਾਰਜ ਨੂੰ ਪੂਰਾ ਕੀਤਾ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਹੜ੍ਹਾਂ ਕਾਰਨ ਖਰਾਬ ਹੋਈ ਸੜਕ ਨੂੰ ਜਲਦੀ ਹੀ ਦੁਬਾਰਾ ਬਣਾਇਆ ਜਾਵੇਗਾ। ਮੁੰਡੀਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਹਰੇਕ ਪੰਜਾਬੀ ਲਈ ਪ੍ਰਤੀ ਪਰਿਵਾਰ 10 ਲੱਖ ਰੁਪਏ ਦਾ ਨਕਦ ਰਹਿਤ ਇਲਾਜ ਯਕੀਨੀ ਬਣਾਉਣ ਲਈ ਮੁਫ਼ਤ ਸਿਹਤ ਬੀਮੇ ਦਾ ਲਾਭ ਦੇਵੇਗੀ। ਇਸ ਸਮਾਗਮ ਦੌਰਾਨ ਏ.ਡੀ.ਸੀ ਸ਼ਿਖਾ ਭਗਤ, ਐੱਸ.ਡੀ.ਐੱਮ ਰਜਨੀਸ਼ ਅਰੋੜਾ, ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ ਵੀ ਮੌਜੂਦ ਸਨ।