ਮੁੰਡੀਆਂ ਕਲਾਂ ਦੇ ਬੱਸ ਸਟਾਪ ਨੇ ਸਭ ਨੂੰ ਪਛਾੜਿਆ
ਦੇਸ਼ ਦੇ ਵਪਾਰਕ ਧੁਰੇ ਵਜੋਂ ਮਸ਼ਹੂਰ ਲੁਧਿਆਣਾ ਦੇ ਸੁੰਦਰੀਕਰਨ ’ਤੇ ਭਾਵੇਂ ਸਮੇਂ ਸਮੇਂ ’ਤੇ ਬੜਾ ਜ਼ੋਰ ਦਿੱਤਾ ਗਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਸ਼ਹਿਰ ਦੇ ਅੰਦਰ ਅਤੇ ਮੁੱਖ ਸੜ੍ਹਕਾਂ ’ਤੇ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਖੜ੍ਹਨ ਲਈ ਕੋਈ ਵਧੀ ਬੱਸ ਸਟਾਪ ਦਿਖਾਈ ਨਹੀਂ ਦੇ ਰਿਹਾ। ਸਮਰਾਲਾ ਚੌਕ ਤੋਂ ਕਰੀਬ ਪੰਜ ਕੁ ਕਿਲੋਮੀਟਰ ਦੂਰ ਪੈਂਦੇ ਪਿੰਡ ਮੁੰਡੀਆਂ ਕਲਾਂ ਦੇ ਬਾਹਰ ਬਣਾਏ ਬੱਸ ਸਟਾਪ ਦੀ ਦਿੱਖ ਲੁਧਿਆਣਾ ਦੇ ਲਗਪਗ ਸਾਰੇ ਹੀ ਬੱਸ ਸਟਾਪਾਂ ਨੂੰ ਮਾਤ ਦਿੰਦਾ ਨਜ਼ਰ ਆ ਰਿਹਾ ਹੈ।
ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਕੁੱਝ ਸਾਲ ਪਹਿਲਾਂ ਸੋਹਣੇ ਬੱਸ ਸਟਾਪ ਬਣਾਏ ਗਏ ਸਨ। ਸਵਾਰੀਆਂ ਦੇ ਬੈਠਣ ਲਈ ਸਟੀਲ ਦੀਆਂ ਕੁਰਸੀਆਂ ਤੱਕ ਵੀ ਲਗਾਈਆਂ ਹੋਈਆਂ ਸਨ। ਪਰ ਇਨ੍ਹਾਂ ਦੀ ਪੂਰੀ ਤਰ੍ਹਾਂ ਸੰਭਾਲ ਨਾ ਹੋਣ ਕਰਕੇ ਅੱਜ ਬਹੁਤੇ ਅਜਿਹੇ ਬੱਸ ਸਟਾਪਾਂ ’ਤੇ ਨਸ਼ੇੜੀਆਂ, ਵਿਹਲੜਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ। ਬਹੁਤ ਸਾਰੇ ਬੱਸ ਸਟਾਪਾਂ ਤੋਂ ਤਾਂ ਕੁਰਸੀਆਂ ਤੱਕ ਵੀ ਲੋਕ ਚੁੱਕ ਕੇ ਲੈ ਗਏ। ਹੁਣ ਇੰਨਾਂ ਵਿੱਚੋਂ ਬਹੁਤੇ ਬੱਸ ਸਟਾਪਾਂ ’ਤੇ ਸਿਰਫ ਜੰਗਾਲ ਲੱਗੇ ਪਾਈਪ ਜਾਂ ਮੰਗਤਿਆਂ ਅਤੇ ਨਸ਼ੇੜੀਆਂ ਦੇ ਬਿਸਤਰੇ ਪਏ ਦੇਖੇ ਜਾ ਸਕਦੇ ਹਨ। ਇੱਥੋਂ ਦੇ ਸਮਰਾਲਾ ਚੌਂਕ ਨੇੜੇ ਬਣਿਆ ਬੱਸ ਸਟਾਪ ਦਾ ਪੂਰੀ ਤਰ੍ਹਾਂ ਖਸਤਾ ਹਾਲਤ ਦਾ ਹੋ ਚੁੱਕਾ ਹੈ। ਸਮਰਾਲਾ ਚੌਂਕ ਤੋਂ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਲਈ ਸਮਰਾਲਾ ਚੌਂਕ ਨੇੜੇ ਕੋਈ ਬੱਸ ਸਟਾਪ ਤੱਕ ਨਹੀਂ ਬਣਾਇਆ ਗਿਆ। ਸਵਾਰੀਆਂ ਨੂੰ ਸਰਦੀਆਂ/ਗਰਮੀਆਂ ਅਤੇ ਮੀਂਹਾਂ ਵਿੱਚ ਖੁੱਲ੍ਹੇ ਅਕਾਸ਼ ਹੇਠਾਂ ਹੀ ਖੜ੍ਹੇ ਹੋਣਾ ਪੈ ਰਿਹਾ ਹੈ। ਇਹੋ ਹਾਲ ਸਮਰਾਲਾ ਚੌਕ ਤੋਂ ਜਲੰਧਰ ਵਾਲੇ ਪਾਸੇ ਜਾਣ ਵਾਲੀਆਂ ਸਵਾਰੀਆਂ ਦਾ ਹੁੰਦਾ ਹੈ।
ਦੂਜੇ ਪਾਸੇ ਕਈ ਪਿੰਡਾਂ ਵਾਲਿਆਂ ਨੇ ਮੁੱਖ ਸੜਕਾਂ ’ਤੇ ਸੋਹਣੇ ਬੱਸ ਸਟਾਪ ਬਣਾ ਕੇ ਸ਼ਹਿਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਪੈਂਦੇ ਮੁੰਡੀਆਂ ਕਲਾਂ ਵਿੱਚ ਬਣਿਆ ਬੱਸ ਸਟਾਪ ਆਪਣੀ ਵੱਖਰੀ ਛਾਪ ਛੱਡ ਰਿਹਾ ਹੈ। ਸੋਹਣੇ ਰੰਗ ਦੇ ਨਾਲ ਨਾਲ ਇਸ ਉੱਤੇ ਪੰਜਾਬੀ ਵਿੱਚ ਲਿਖਿਆ ਬੱਸ ਸਟਾਪ ਅਤੇ ਪਿੰਡ ਦਾ ਨਾਮ ਸਰਕਾਰ ਵੱਲੋਂ ਪੰਜਾਬੀ ਨੂੰ ਬਣਦਾ ਮਾਣ ਦਿਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸੇ ਤਰਜ਼ ’ਤੇ ਲੁਧਿਆਣਾ ਸ਼ਹਿਰ ਵਿੱਚ ਵੀ ਸਵਾਰੀਆਂ ਦੇ ਖੜ੍ਹੇ ਹੋਣ ਲਈ ਬੱਸ ਸਟਾਪ ਬਣਾਏ ਜਾਣੇ ਚਾਹੀਦੇ ਹਨ।