ਮੋਟਰਸਾਈਕਲ ਸਵਾਰਾਂ ਨੇ ਗੈਂਗਸਟਰ ਦੇ ਭਰਾ ’ਤੇ ਗੋਲੀਆਂ ਚਲਾਈਆਂ
ਇਥੇ ਕਿਲਾ ਮੁਹੱਲਾ ਵਿੱਚ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਨੇ ਰੰਜਿਸ਼ ਤਹਤਿ ਇੱਕ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਗੋਲੀ ਦੀ ਆਵਾਜ਼ ਆਈ ਤਾਂ ਪੈਦਲ ਜਾ ਰਿਹਾ ਉਕਤ ਨੌਜਵਾਨ ਕਿਸੇ ਦੁਕਾਨ ਦੇ ਅੰਦਰ ਵੜ੍ਹ ਗਿਆ ਤੇ ਥੱਲੇ ਬੈਠ ਗਿਆ, ਜਿਸ ਕਾਰਨ ਗੋਲੀ ਉਸ ਨੂੰ ਲੱਗਣੋਂ ਖੁੰਝ ਗਈ ਤੇ ਉਹ ਵਾਲ-ਵਾਲ ਬੱਚ ਗਿਆ। ਕਿਲਾ ਮੁਹੱਲਾ ਦੇ ਰਹਿਣ ਵਾਲੇ ਦੀਪਕ ਭੱਟੀ ਨੇ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਿਸ ਮਗਰੋਂ ਥਾਣਾ ਡਿਵੀਜ਼ਨ 4 ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਗੈਂਗਸਟਰ ਸ਼ਿਵਾ ਭੱਟੀ ਦਾ ਭਰਾ ਹੈ ਜਿਸ ਵਿਰੁੱਧ ਕਤਲ ਦੀ ਕੋਸ਼ਿਸ਼ ਸਣੇ ਅੱਠ ਤੋਂ ਦਸ ਦੇ ਕਰੀਬ ਕੇਸ ਦਰਜ ਹਨ। ਸ਼ਿਵਾ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਵੀ ਹੈ। ਸ਼ੁੱਕਰਵਾਰ ਨੂੰ ਸ਼ਿਵਾ ਭੱਟੀ ਦਾ ਜਨਮਦਿਨ ਸੀ ਜਿਸ ਦੀ ਖ਼ੁਸ਼ੀ ਵਿੱਚ ਦੀਪਕ ਭੱਟੀ ਆਪਣੇ ਕੁਝ ਸਾਥੀਆਂ ਨਾਲ ਐੱਸਡੀਪੀ ਕਾਲਜ ਨੇੜੇ ਇੱਕ ਕਾਰ ਵਿੱਚ ਪਾਰਟੀ ਕਰ ਰਿਹਾ ਸੀ। ਜਿਵੇਂ ਹੀ ਉਹ ਬਾਹਰ ਕਾਰ ’ਚੋਂ ਨਿਕਲਿਆ, ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਹ ਕਿਸੇ ਤਰ੍ਹਾਂ ਬਚ ਨਿਕਲਿਆ ਤੇ ਮੁਲਜ਼ਮ ਉਸ ਨੂੰ ਧਮਕੀਆਂ ਦਿੰਦੇ ਹੋਏ ਭੱਜ ਗਏ।
ਦੀਪਕ ਭੱਟੀ ਨੇ ਦੋਸ਼ ਲਾਇਆ ਹੈ ਕਿ ਉਸ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਦੁਸ਼ਮਣੀ ਹੈ, ਜਿਸ ਦੀ ਰੰਜਿਸ਼ ਤਹਿਤ ਹੀ ਉਸ ’ਤੇ ਹਮਲਾ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਚਾਰ ਦੇ ਐੱਸਐੱਚਓ ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਈਕ ਸਵਾਰ ਨੌਜਵਾਨ ਕੌਣ ਸਨ। ਮਾਮਲਾ ਰੰਜਿਸ਼ ਦਾ ਲਗਦਾ ਹੈ।