ਸੜਕ ਹਾਦਸੇ ਵਿੱਚ ਮਾਂ-ਪੁੱਤਰ ਦੀ ਮੌਤ
ਲੁਧਿਆਣਾ-ਰਾਏਕੋਟ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਪਿੰਡ ਢੈਪਈ ਅਤੇ ਅਬੋਹਰ ਬ੍ਰਾਂਚ ਨਹਿਰ ਪੁਲ ਦਰਮਿਆਨ ਨੀਲ ਗਊਆਂ ਦੇ ਝੁੰਡ ਦੀ ਲਪੇਟ ਵਿੱਚ ਆਏ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ਜਦੋਂ ਕਿ ਮ੍ਰਿਤਕ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਹੈ। ਮੂਲ-ਰੂਪ ਵਿੱਚ ਬਿਹਾਰ ਦੇ ਮਜ਼ਦੂਰ ਅਰਮਾਨ, ਉਸ ਦੀ ਪਤਨੀ ਰੀਨਾ ਅਤੇ ਮਾਂ ਨਿਸ਼ਾ ਰਾਣੀ ਕਾਫ਼ੀ ਅਰਸੇ ਤੋਂ ਪਿੰਡ ਲਤਾਲਾ ਵਿੱਚ ਮਜ਼ਦੂਰੀ ਕਰਦੇ ਸਨ ਅਤੇ ਉੱਥੇ ਹੀ ਰਿਹਾਇਸ਼ ਹੈ। ਨੀਲ ਗਊਆਂ ਦੇ ਝੁੰਡ ਨੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈਣ ਤੋਂ ਪਹਿਲਾਂ ਦੋ ਕਾਰਾਂ ਨੂੰ ਵੀ ਟੱਕਰ ਮਾਰੀ ਸੀ। ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੋਟਰਸਾਈਕਲ ਸਵਾਰ ਅਰਮਾਨ ਅਤੇ ਉਸ ਦੀ ਮਾਂ ਨਿਸ਼ਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਰਮਾਨ ਦੀ ਪਤਨੀ ਰੀਨਾ ਨੂੰ ਸਰਾਭਾ ਤੋਂ ਇਲਾਜ ਲਈ ਪਹਿਲਾਂ ਲੁਧਿਆਣਾ ਅਤੇ ਫਿਰ ਉੱਥੋਂ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਜੋਧਾਂ ਦੀ ਪੁਲੀਸ ਨੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਮੋਟਰਸਾਈਕਲ ਸਵਾਰ ਹਲਾਕ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਜੀਵਨ ਨਗਰ ਚੌਕ ਤੋਂ ਅੱਗੇ ਪੈਟਰੋਲ ਪੰਪ ਨੇੜੇ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜੀ ਟੀ ਬੀ ਨਗਰ ਮੁੰਡੀਆਂ ਕਲਾਂ ਚੰਡੀਗੜ੍ਹ ਰੋਡ ਜਮਾਲਪੁਰ ਵਾਸੀ ਸ਼ਾਮ ਸੁੰਦਰ (40 ਸਾਲ) ਮੋਟਰਸਾਈਕਲ ’ਤੇ ਕੰਮ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਜੀਵਨ ਨਗਰ ਚੌਕ ਤੋਂ ਅੱਗੇ ਪੈਟਰੋਲ ਪੰਪ ਨੇੜੇ ਪੁੱਜਾ ਤਾਂ ਜੀਵਨ ਨਗਰ ਚੌਕ ਵੱਲੋਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਮਗਰੋਂ ਉਸਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
