ਚੌਲਾਂ ਨਾਲ 300 ਤੋਂ ਵੱਧ ਪਕਵਾਨ ਕੀਤੇ ਤਿਆਰ
ਪੀਸੀਟੀਈ ਗਰੁੱਪ ਆਫ ਇੰਸਟੀਚਿਊਟਸ਼ ਵਿੱਚ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਫੈਕਲਟੀ ਨੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਭਾਰਤ ਦੇ ਹਰ ਕੋਨੇ ਵਿੱਚ ਚੌਲਾਂ ਤੋਂ ਬਣਾਏ ਜਾਂਦੇ ਪਕਵਾਨਾਂ ਵਿੱਚੋਂ 300 ਤੋਂ ਵੱਧ ਪਕਵਾਨ ਤਿਆਰ ਕੀਤੇ ਗਏ। ਸਮਾਗਮ ਵਿੱਚ ਰਵੀ ਬੱਚਨ, ਕਰਨਲ ਪਾਂਡੇ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਵਿੱਚ ਵੈਦਿਕ ਰਸਮਾਂ ਤੋਂ ਲੈ ਕੇ ਰਸੋਈ ਵਿੱਚ ਚੌਲਾਂ ਦੀ ਵਰਤੋਂ ਦਾ ਸਫਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਲਜ ਦੇ ਵਿਦਿਆਰਥੀਆਂ ਨੇ ਖਿਚੜੀ, ਟੇਹਰੀ, ਪੋਂਗਲ ਅਤੇ ਪਯਾਸਮ ਤੋਂ ਲੈ ਕੇ ਬਿਰਿਆਨੀ ਅਤੇ ਪਲਾਓ ਤੱਕ ਪਕਵਾਨ ਤਿਆਰ ਕੀਤੇ। ਸਮਾਗਮ ਵਿੱਚ ਇੰਡੀਅਨ ਫੈਡਰੇਸ਼ਨ ਆਫ ਕੁਲਿਨਰੀ ਐਸੋਸੀਏਸ਼ਨਜ ਦੇ ਪ੍ਰਧਾਨ ਸ਼ੈੱਫ ਸੰਜੀਵ ਨੇ ਸ਼ੈੱਫ ਮਨਜੀਤ ਸਘਿੰ ਗਿੱਲ, ਸ਼ੈੱਫ ਗੁੰਜਨ ਗੋਇਲ, ਸ਼ੈੱਫ ਰਾਜੇਸ਼ ਕੁਮਾਰ, ਸ਼ੈੱਫ ਜੈ ਭਸੀਨ, ਸ਼ੈੱਫ ਸਤਿੰਦਰ ਕੁਮਾਰ ਅਤੇ ਐਸੋਸੀਏਸ਼ਨ ਆਫ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਸ਼ੈੱਫ ਨੰਦ ਲਾਲ ਸ਼ਰਮਾ ਸਮੇਤ ਉੱਘੇ ਸ਼ੈੱਫਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੈਰ ਸਪਾਟਾ ਅਤੇ ਯਾਤਰਾ ਪ੍ਰਬੰਧਨ ਦੇ ਵਿਦਿਆਰਥੀਆਂ ਨੇ ਇੱਕ ਰੰਗੀਨ ਸੱਭਿਆਚਾਰਕ ਰੈਂਪ ਵਾਕ ਕੀਤਾ ਜਿਸ ਵਿੱਚ ਭਾਰਤ ਭਰ ਦੇ ਰਵਾਇਤੀ ਪਹਿਰਾਵੇ ਦਾ ਪ੍ਰਦਰਸ਼ਨ ਕੀਤਾ ਗਿਆ। ਫੈਕਲਟੀ ਮੈਂਬਰਾਂ ਨੇ ਰਿਗਵੇਦ ਵਿੱਚਲੇ ਹਵਾਲਿਆਂ ਨਾਲ ਭਾਰਤ ਵਿੱਚ ਚੌਲਾਂ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ। ਪੀਸੀਟੀਈ ਦੇ ਹੋਟਲ ਮੈਨੇਜਮੈਂਟ ਫੈਕਲਟੀ ਦੇ ਡੀਨ ਅਨਿਰਬਾਨ ਗੁਪਤਾ ਨੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਨੇ ਦੁਨੀਆਂ ਨੂੰ ਦੇਖਣ ਲਈ ਸਾਡੀ ਸੱਭਿਅਤਾਂ ਦੀਆਂ ਰਸੋਈ ਸਚਾਈਆਂ ਨੂੰ ਮੁੜ ਸੁਰਜੀਤ ਕੀਤਾ ਅਤੇ ਮਨਾਇਆ ਹੈ।