ਲੁਧਿਆਣਾ ’ਚ ਹਮਲੇ ਤੋਂ ਬਚਾਅ ਲਈ ਮੌਕ ਡ੍ਰਿੱਲ ਤੇ ਬਲੈਕ ਆਊਟ
ਅੱਗ ਲਗਣ ਤੋਂ ਲੈ ਕੇ ਫੱਟੜਾਂ ਦਾ ਇਲਾਜ ਕਰਨ ਦੀ ਦਿੱਤੀ ਗਈ ਸਿਖਲਾਈ
ਗਗਨਦੀਪ ਅਰੋੜਾ
ਲੁਧਿਆਣਾ, 7 ਮਈ
ਪਹਲਗਾਮ ਵਿੱਚ ਅਤਿਵਾਦੀਆਂ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਹੋਏ ਹਵਾਈ ਹਮਲੇ ਕਾਰਨ ਬਣੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਇੱਕ ਹਮਲੇ ਦੀ ਸੂਰਤ ਵਿੱਚ ਉਸ ਤੋਂ ਬਚਾਅ ਲਈ ਮੌਕ ਡ੍ਰਿੱਲ ’ਤੇ ਹਮਲੇ ਤੋਂ ਬੱਚਣ ਲਈ ਬਲੈਕ ਆਉਟ ਦੀ ਟ੍ਰੇਨਿੰਗ ਕੀਤੀ ਗਈ। ਪ੍ਰਸ਼ਾਸਨ ਨੇ ਸ਼ਹਿਰ ਦੇ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਨੂੰ ਇਸ ਮੌਕ ਡਰਿੱਲ ਲਈ ਚੁਣਿਆ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਤਕਰੀਬਨ 11 ਥਾਵਾਂ ’ਤੇ ਬਲੈਕ ਆਉਟ ਕੀਤਾ ਗਿਆ। ਜਿਥੇ ਬੁੱਧਵਾਰ ਨੂੰ ਚਾਰ ਵਜਦੇ ਹੀ ਐਮਰਜੈਂਸੀ ਅਲਾਰਮ ਵਜਾਇਆ ਗਿਆ ’ਤੇ ਫਿਰ ਸ਼ੁਰੂ ਹੋਇਆ ਹਵਾਈ ਹਮਲੇ ਤੋਂ ਬਾਅਦ ਅੱਗ ਲੱਗਣ ਦੇ ਮਾਮਲੇ ਵਿੱਚ ਲੋਕਾਂ ਦੇ ਬਚਾਅ ਲਈ ਟ੍ਰੇਨਿੰਗ।
ਇਸ ਮੌਕੇ ਡਰਿੱਲ ਵਿੱਚ ਫੌਜ, ਪੁਲੀਸ, ਐਨਡੀਆਰਐਫ, ਸਿਹਤ ਵਿਭਾਗ, ਐਂਬੂਲੈਂਸ, ਫਾਇਰ ਬਿ੍ਰਗੇਡ, ਐਨਸੀਸੀ ਕੈਡੇਟ ਤੇ ਸਿਵਲ ਡਿਫੈਂਸ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕ ਡ੍ਰਿੱਲ ਵਿੱਚ 3 ਪੀਬੀ ਜੀ ਬੀਐਮ ਵੱਲੋਂ 20 ਵਿਦਿਆਕ ਸੰਸਥਾਵਾਂ ਨੂੰ ਸ਼ਾਮਲ ਕਰਵਾਇਆ ਗਿਆ ਸੀ। ਸ਼ਾਮ ਚਾਰ ਵਜੇ ਹੀ ਮੀਂਹ ਦੌਰਾਨ ਹੀ ਵੇਰਕਾ ਮਿਲਕ ਪਲਾਂਟ ਵਿੱਚ ਐਮਰਜੈਂਸੀ ਸਾਈਰਵ ਵਜ ਗਿਆ ਤੇ ਤੁਰੰਤ ਤੇਜ਼ ਰਫ਼ਤਾਰੀ ਨਾਲ ਫਾਇਰ ਬ੍ਰਿਗੇਡ, ਐਂਬੂਲੈਂਸ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ। ਇਸ ਤੋਂ ਬਾਅਦ ਸਿਵਲ ਡਿਫੈਂਸ ਦੀਆਂ ਟੀਮਾਂ ਵੀ ਪੁੱਜੀਆਂ ਜਿਨ੍ਹਾਂ ਫੱਟੜ ਹੋਏ ਲੋਕਾਂ ਨੂੰ ਬਚਾਅ ਕਰਕੇ ਹਸਪਤਾਲ ਪਹੁੰਚਾਉਣ ਦੀ ਟ੍ਰੇਨਿੰਗ ਕੀਤੀ।
ਸਰਕਾਰ ਦੇ ਹੁਕਮਾਂ ’ਤੇ ਪ੍ਰਸ਼ਾਸਨ ਨੇ ਸੰਭਾਵੀ ਐਮਰਜੈਂਸੀ ਦੀ ਤਿਆਰੀ ਦੀਆਂ ਤਿਆਰੀਆਂ ਕਰ ਲਈਆਂ ਹਨ। ਜਿਸ ਕਰਕੇ ਇਹ ਮੌਕ ਡ੍ਰਿੱਲ ਕੀਤੀ ਗਈ, ਇਸ ਅਭਿਆਸ ਦਾ ਉਦੇਸ਼ ਜਨਤਾ ਅਤੇ ਮੁਲਾਜ਼ਮਾਂ ਨੂੰ ਸੰਕਟਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਟ੍ਰੇਨਿੰਗ ਦੇਣਾ ਹੈ। ਇਹ ਅਭਿਆਸ ਸ਼ਾਮ 4 ਵਜੇ ਇੱਕ ਅਲਾਰਮ ਨਾਲ ਸ਼ੁਰੂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਫੌਜ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤੀ ਗਈ ਇਸ ਮੌਕ ਡ੍ਰਿੱਲ ਵਿੱਚ ਸਾਰੇ ਹੀ ਸਬੰਧਤ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਸਨ। ਵੇਰਕਾ ਮਿਲਕ ਪਲਾਂਟ ਦੇ ਅੰਦਰ ਤੁਰੰਤ ਇੱਕ ਘਟਨਾ ਕਮਾਂਡ ਪੋਸਟ ਸਥਾਪਤ ਕੀਤੀ ਗਈ, ਜਿੱਥੇ ਵਿਭਾਗਾਂ ਦੇ ਨੋਡਲ ਅਫਸਰ ਇਕੱਠੇ ਹੋਏ। ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਨੇ ਆਪਣੇ ਪ੍ਰਬੰਧਾਂ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਦੋਂ ਕਿ ਹੋਰ ਟੀਮਾਂ ਨੇ ਐਮਰਜੈਂਸੀ ਦੌਰਾਨ ਵਿਅਕਤੀਆਂ ਨੂੰ ਬਚਾਉਣ ਅਤੇ ਇਲਾਜ ਕਰਨ ਦੇ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਲੋਕਾਂ ਦੀ ਜਿੰਦਗੀ ਬਚਾਉਣ ਵਾਲੇ ਪ੍ਰੋਟੋਕਾਲ ’ਤੇ ਜ਼ੋਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਅਭਿਆਸ ਜਨਤਕ ਜਾਗਰੂਕਤਾ ਵਧਾਉਣ ਅਤੇ ਕਿਸੇ ਵੀ ਜ਼ਿਲ੍ਹਾ-ਵਿਆਪੀ ਐਮਰਜੈਂਸੀ ਲਈ ਤਿਆਰੀ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਅਜਿਹੇ ਅਭਿਆਸ ਸੁਰੱਖਿਆ ਅਤੇ ਤਿਆਰੀ ਨੂੰ ਵਧਾਉਣ ਲਈ ਸਰਗਰਮ ਉਪਾਅ ਹਨ।