ਨਸ਼ਾ ਤਸਕਰਾਂ ਖ਼ਿਲਾਫ਼ ਧਰਨੇ ਲਈ ਲਾਮਬੰਦੀ ਮੀਟਿੰਗਾਂ
ਜਨਤਕ ਜਥੇਬੰਦੀਆਂ ਵਲੋਂ ਨਸ਼ਿਆਂ ਖ਼ਿਲਾਫ਼ 28 ਅਕਤੂਬਰ ਨੂੰ ਇਥੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਨੌਜਵਾਨ ਭਾਰਤ ਸਭਾ ਵੀ ਮੀਟਿੰਗਾਂ ਕਰ ਰਹੀ ਹੈ। ਪਿੰਡ ਸਵੱਦੀ ਵਿਖੇ ਅੱਜ ਇਸ ਸਬੰਧੀ ਇਕ ਮੀਟਿੰਗ ਦੌਰਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਠੁੱਸ ਹੋ ਚੁੱਕੀ ਹੈ। ਨਸ਼ੇ ਅੱਜ ਵੀ ਤਸਕਰਾਂ, ਪੁਲੀਸ ਤੇ ਸਿਆਸੀ ਗੱਠਜੋੜ ਦੀ ਸਰਪ੍ਰਸਤੀ ਹੇਠ ਵਿਕ ਰਹੇ ਹਨ ਤੇ ਜਾਨਾਂ ਲੈ ਰਹੇ ਹਨ। ਇਸ ਮੌਕੇ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਹਰਦੀਪ ਸਿੰਘ ਨੂੰ ਕਨਵੀਨਰ, ਜਗਵੀਰ ਸਿੰਘ ਨੂੰ ਕੋ-ਕਨਵੀਨਰ, ਗੁਰਵਿੰਦਰ ਸਿੰਘ, ਪਰਦੀਪ ਸਿੰਘ, ਬੂਟਾ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਜਸਪਾਲ ਸਿੰਘ, ਵਰਿੰਦਰ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ ਨੂੰ ਮੈਂਬਰ ਚੁਣਿਆ ਗਿਆ। ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ ਅਤੇ ਹਰਦੀਪ ਸਿੰਘ ਨੇ ਸੰਬੋਧਨ ਦੌਰਾਨ ਦੱਸਿਆ ਕਿ ਰਸੂਲਪੁਰ ਵਿੱਚ ਚਿੱਟੇ ਨਾਲ ਨੌਜਵਾਨ ਦੀ ਮੌਤ, ਉਪਰੰਤ ਪੱਤਰਕਾਰ ਮਨਦੀਪ ਨੂੰ ਨਸ਼ਾ ਤਸਕਰ ਵਲੋਂ ਗੋਲੀ ਮਾਰਨ ਦੀ ਧਮਕੀ ਗੰਭੀਰ ਮਸਲਾ ਹੈ। ਨਸ਼ਾ ਤਸਕਰਾਂ ਨੂੰ ਪੁਲੀਸ ਤੇ ਸਿਆਸਤਦਾਨਾਂ ਦੀ ਸ਼ਹਿ ਕਰਕੇ ਹੀ ਉਨ੍ਹਾਂ ਦੇ ਇੰਨੇ ਹੌਂਸਲੇ ਬੁਲੰਦ ਹਨ। ਲੋਕਾਂ ਦਾ ਦਬਾਅ ਪੈਣ ਕਰਕੇ ਪੁਲੀਸ ਹਰਕਤ ਵਿੱਚ ਆਉਂਦੀ ਹੈ, ਪਰ ਇਸ ਤੋਂ ਬਾਅਦ ਚਿੱਟੇ ਦਾ ਪ੍ਰਕੋਪ ਉਸੇ ਤਰ੍ਹਾਂ ਰਹਿੰਦਾ ਹੈ। ਲੋਕਾਂ ਨੂੰ ਪੁਲੀਸ, ਸਿਆਸੀ ਤੇ ਨਸ਼ਾ ਸਮੱਗਲਰ ਗਠਜੋੜ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਦੀ ਲੋੜ ਹੈ।
