ਸਮਰਾਲਾ ਦੀ ਮਹਾਪੰਚਾਇਤ ਬਾਰੇ ਲਾਮਬੰਦੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਅੱਜ ਪਿੰਡ ਰਾਣੋ ਵਿੱਚ 24 ਅਗਸਤ ਦੀ ਸਯੁੰਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਵਿਸ਼ਾਲ ਰੈਲੀ ਸਮਰਾਲਾ ਵਿੱਚ ਪੁੱਜਣ ਦੀ ਲਾਮਬੰਦੀ ਕੀਤੀ ਗਈ। ਮਹਾਪੰਚਾਇਤ ਵਿੱਚ ਵੱਧ ਤੋਂ ਵੱਧ ਇਕੱਠ ਕਰ ਕੇ ਪੁੱਜਣ ਦਾ ਸੱਦਾ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕ ਰੋਹ ਨੂੰ ਵੇਖਦਿਆਂ ਲੈਂਡ ਪੂਲਿੰਗ ਨੂੰ ਵਾਪਸ ਲੈ ਲਿਆ ਹੈ ਪਰ ਰੱਦ ਨਹੀਂ ਕੀਤਾ, ਜਿਸ ਨੂੰ ਰੱਦ ਕਰਵਾਉਣ ਲਈ ਹੋਰ ਸੰਘਰਸ਼ ਦੀ ਲੋੜ ਹੈ। ਇਸ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਸਮਰਾਲਾ ਰੈਲੀ ’ਚ ਵੱਧ ਚੜ੍ਹ ਕੇ ਸ਼ਾਮਲ ਹੋਈਏ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋ ਭੇਜੀਆਂ ਵਸਤਾਂ ਦੇ ਟੈਰਿਫ ਘੱਟ ਕਰਵਾਉਣ ਲਈ ਤੇ ਹੋਰ ਸਾਮਰਾਜੀ ਦੇਸ਼ਾਂ ਦੀਆਂ ਕੰਪਨੀਆਂ ਭਾਰਤ ਵਿੱਚ ਆਪਣਾ ਵਾਧੂ ਅਨਾਜ ਤੇ ਵਸਤੂਆਂ ਲਿਆ ਕੇ ਸਾਡੀ ਮੰਡੀ ’ਚ ਸੁੱਟ ਕੇ ਸਾਡੀਆਂ ਫਸਲਾਂ ਨੂੰ ਰੋਲਣ ਜਾ ਰਹੀਆਂ ਹਨ। ਮੋਦੀ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਤਬਾਹ ਕਰਨ ਦੇ ਵਿਰੋਧ ਵਿੱਚ 13 ਅਗਸਤ ਨੂੰ ਟਰੰਪ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਇੰਦਰਜੀਤ ਸਿੰਘ ਰਾਣੋ, ਇਕਬਾਲ ਸਿੰਘ ਬੰਟੂ, ਲਖਵਿੰਦਰ ਸਿੰਘ ਲੱਖੀ, ਅਵਤਾਰ ਸਿੰਘ ਤੇ ਧੰਨ ਸਿੰਘ ਵੀ ਹਾਜ਼ਰ ਸਨ ।