ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੋਗਾ ਕਿਸਾਨ ਮਹਾਪੰਚਾਇਤ ਲਈ ਪੰਧੇਰ ਖੇੜੀ ਵਿੱਚ ਲਾਮਬੰਦੀ

ਲੋਕਾਂ ਦੀ ਭਰਵੀ ਸ਼ਮੂਲੀਅਤ ਕਰਵਾਉਣ ਦਾ ਅਹਿਦ ਲਿਆ; ਟੋਹਾਣਾ ਹਾਦਸੇ ਵਿੱਚ ਸ਼ਹੀਦ ਹੋਈਆਂ ਬੀਬੀਆਂ ਨੂੰ ਸ਼ਰਧਾਂਜਲੀ ਦਿੱਤੀ
ਪੰਧੇਰ ਖੇੜੀ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।
Advertisement

ਦੇਵਿੰਦਰ ਸਿੰਘ ਜੱਗੀ

ਪਾਇਲ, 7 ਜਨਵਰੀ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਦੀ ਮੀਟਿੰਗ ਦਵਿੰਦਰ ਸਿੰਘ ਸਿਰਥਲਾ ਦੀ ਅਗਵਾਈ ਹੇਠ ਗੁਰੂ ਘਰ ਪੰਧੇਰ ਖੇੜੀ ਵਿਖੇ ਹੋਈ, ਜਿਸ ਵਿੱਚ ਬਲਾਕ ਦੇ ਪਿੰਡਾਂ ਵਿੱਚੋਂ ਅਹੁਦੇਦਾਰ ਅਤੇ ਵਰਕਰ ਹਾਜ਼ਰ ਹੋਏ।

ਇਸ ਮੌਕੇ ਟੋਹਾਣਾ ਮਹਾਪੰਚਾਇਤ ’ਚ ਸ਼ਾਮਲ ਹੋਣ ਜਾ ਰਹੀ ਬੱਸ ਹਾਦਸਾਗ੍ਰਸਤ ਹੋਣ ਕਾਰਨ ਸ਼ਹੀਦ ਹੋਈਆਂ ਤਿੰਨ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਮੌਨ ਰੱਖਿਆ ਗਿਆ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ। ਮੀਟਿੰਗ ਵਿੱਚ 4 ਜਨਵਰੀ ਨੂੰ ਟੋਹਾਣਾ ਕਿਸਾਨ ਪੰਚਾਇਤ ਵਿੱਚ ਬਲਾਕ ਇਕਾਈਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। 9 ਜਨਵਰੀ ਦੀ ਮੋਗਾ ਕਿਸਾਨ ਮਹਾਪੰਚਾਇਤ ’ਚ ਜ਼ੋਰਦਾਰ ਸ਼ਮੂਲੀਅਤ ਕਰਨ ਲਈ ਵੀ ਪਿੰਡ ਵਾਰ ਡਿਊਟੀਆਂ ਲਾਈਆਂ ਅਤੇ ਵੱਡੀ ਸ਼ਮੂਲੀਅਤ ਕਰਵਾਉਣ ਦਾ ਅਹਿਦ ਲਿਆ। ਛਿਮਾਹੀ ਫੰਡ ਇਕੱਤਰ ਕਰਨ ਅਤੇ ਬਲਾਕ ਲਈ ਹਿੱਸਾ ਦੇਣ ਤੇ ਭਰਪੂਰ ਚਰਚਾ ਕੀਤੀ ਗਈ। ਇਕਾਈਆਂ ਦੀ ਮਜ਼ਬੂਤੀ ਲਈ ਪਿੰਡ ਪੱਧਰ ’ਤੇ ਸਿੱਖਿਆ ਮੀਟਿੰਗਾਂ ਕਰਨ ਦੀ ਵਿਉਂਤਬੰਦੀ ਵੀ ਬਣਾਈ ਗਈ।

ਹਾਦਸੇ ’ਚ ਸ਼ਹੀਦ ਬੀਬੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾਂ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਬਲਾਕ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਨੇ ਦੱਸਿਆ ਕਿ ਮਹਹਾਪੰਚਾਇਤ ਟੋਹਾਣਾ ਵਿਖੇ ਜਾ ਰਹੀ ਬੱਸ ਵਿਚ ਸ਼ਹੀਦ ਹੋਈਆਂ ਬੀਬੀਆ ਨੂੰ ਦਸ-ਦਸ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸੂਬਾ ਸਰਕਾਰ ਨੂੰ ਮੰਡੀਕਰਨ ਤੋੜਨ ਲਈ ਜੋ ਡਰਾਫਟ ਭੇਜਿਆ ਗਿਆ ਉਸ ਨੂੰ ਲਾਗੂ ਨਾ ਕਰਨ ਲਈ, ਦਿੱਲੀ ਮੰਨੀਆਂ ਮੰਗਾਂ ਲਾਗੂ ਕਰਵਾਉਣ, ਐੱਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਖਨੌਰੀ, ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਮੰਨਣ ਲਈ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਸਰਕਾਰ ਗੱਲਬਾਤ ਕਰੇ। ਉਨ੍ਹਾਂ ਕਿਹਾ ਕਿ 9 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋ ਮੋਗਾ ਵਿਖੇ ਮਹਾਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿਚ ਬੀਕੇਯੂ ਏਕਤਾ ਉਗਰਾਹਾਂ ਵੱਧ-ਚੜ੍ਹ ਕੇ ਹਿੱਸਾ ਲਵੇਗੀ।

ਮਹਾਪੰਚਾਇਤ ਲਈ ਭਾਕਿਯੂ (ਰਾਜੇਵਾਲ) ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ

ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਤੱਤਲਾ ਜਾਣਕਾਰੀ ਦਿੰਦੇ ਹੋਏ।

ਰਾਏਕੋਟ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਵੱਲੋਂ 9 ਜਨਵਰੀ ਨੂੰ ਮੋਗਾ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਕਾਮਯਾਬੀ ਲਈ ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਤੱਤਲਾ ਵੱਲੋਂ ਪਿੰਡ ਬਰਮੀ ਵਿੱਚ ਮੀਟਿੰਗ ਕਰ ਕੇ ਵਿਉਂਤਬੰਦੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਤੱਤਲਾ ਨੇ ਕਿਹਾ ਕਿ ਕੇਂਦਰ ਸਰਕਾਰ ਹਰੇਕ ਵਾਅਦੇ ਤੋਂ ਮੁਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਚੋਰ ਮੋਰੀ ਰਾਹੀਂ ਲਾਗੂ ਕਰਨ ਲਈ ਹੁਣ ਖੇਤੀਬਾੜੀ ਮੰਡੀਕਰਨ ਨੀਤੀ ਸਬੰਧੀ ਸੂਬਿਆਂ ਨੂੰ ਖਰੜਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਖਰੜੇ ਨੂੰ ਮੁੱਢੋਂ ਰੱਦ ਕੀਤਾ ਹੈ। ਕਿਸਾਨ ਆਗੂਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਮੰਡੀਕਰਨ ਸਬੰਧੀ ਖਰੜੇ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੋਗਾ ਦਾਣਾ ਮੰਡੀ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। ਮੀਟਿੰਗ ਵਿੱਚ ਖ਼ਜ਼ਾਨਚੀ ਦਲਜੀਤ ਸਿੰਘ ਬਰਮੀ, ਮੀਤ ਪ੍ਰਧਾਨ ਅਵਤਾਰ ਸਿੰਘ ਬਰਮੀ, ਸੁਖਮਿੰਦਰ ਸਿੰਘ ਬਰਮੀ, ਰਣਜੀਤ ਸਿੰਘ ਜਵੰਦਾ ਸਮੇਤ ਹੋਰ ਕਿਸਾਨ ਆਗੂ ਵੀ ਸ਼ਾਮਲ ਸਨ।

Advertisement