ਉਜਾੜਾ ਰੋਕੂ ਸਾਂਝੀ ਕਮੇਟੀ ਵੱਲੋਂ ਕਿਸਾਨ ਮਜ਼ਦੂਰ ਰੈਲੀ ਲਈ ਲਾਮਬੰਦੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੂਨ
ਵੱਖ-ਵੱਖ ਜੁਝਾਰੂ ਕਿਸਾਨ ਮਜ਼ਦੂਰ ਜਥੇਬੰਦੀਆਂ ’ਤੇ ਆਧਾਰਿਤ ਉਜਾੜਾ ਰੋਕੂ ਸਾਂਝੀ ਕਮੇਟੀ ਵੱਲੋਂ 9 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਉਜਾੜਾ ਰੋਕੂ ਸਾਂਝੀ ਰੈਲੀ ਕੀਤੀ ਜਾਵੇਗੀ। ਇਸ ਵਿੱਚ ਭਰਵੀਂ ਗਿਣਤੀ ਵਿੱਚ ਜਥੇਬੰਦ ਵਰਕਰਾਂ ਤੇ ਮੈਂਬਰਾਂ ਤੋਂ ਇਲਾਵਾ ਪੀੜਤ ਪਿੰਡਾਂ ਦੇ ਕਿਸਾਨ ਮਜ਼ਦੂਰ ਵੱਧ ਚੜ੍ਹ ਕੇ ਪੂਰੇ ਜੋਸ਼ ਨਾਲ ਭਾਰੀ ਸ਼ਮੂਲੀਅਤ ਕਰਨਗੇ। ਇਸ ਦੀ ਲਾਮਬੰਦੀ ਲਈ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਸਵੱਦੀ ਕਲਾਂ ਵਿੱਚ ਮੀਟਿੰਗ ਹੋਈ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 17 ਮਈ ਨੂੰ ਐਲਾਨੀ ਅਤੇ 25 ਜੂਨ ਨੂੰ ਮੰਤਰੀ ਮੰਡਲ ਰਾਹੀਂ ਪਾਸ ਕੀਤੀ ਲੈਂਡ ਪੂਲਿੰਗ ਨੀਤੀ ਲੁਧਿਆਣਾ ਜ਼ਿਲ੍ਹੇ ਦੇ 41 ਅਤੇ ਮੋਗਾ ਜ਼ਿਲ੍ਹੇ ਦੇ 7 ਪਿੰਡਾਂ ਦੀ ਖੇਤੀ ਤੇ ਡੇਅਰੀ ਸਮੇਤ ਘੁੱਗ ਵਸਦੇ ਪਿੰਡਾਂ ਦੀ ਹੋਂਦ ਨੂੰ ਤਬਾਹ ਕਰ ਦੇਵੇਗੀ।
ਆਗੂਆਂ ਨੇ ਕਿਹਾ ਕਿ ਖੇਤੀ ਤੇ ਡੇਅਰੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਪਿਤਾ ਪੁਰਖੀ ਕਿੱਤੇ ਤੋਂ ਇਲਾਵਾ, ਵੱਡਾ ਸਵੈ-ਰੁਜ਼ਗਾਰ ਵੀ ਹੈ, ਜਿਸਦੇ ਸਿਰ ਪੇਂਡੂ ਅਬਾਦੀ ਦੇ 70 ਫ਼ੀਸਦ ਪਰਿਵਾਰਾਂ ਦਾ ਗੁਜਰ ਬਸਰ ਚਲਦਾ ਹੈ। ਅੱਜ ਕਿਸਾਨ ਏਡਾ ਮੂਰਖ ਨਹੀਂ ਜਿਹੜਾ ਲੈਂਡ ਪੂਲਿੰਗ ਨੀਤੀ ਰਾਹੀਂ ਇਕ ਏਕੜ ਦੇ ਕੇ 1200 ਗਜ ਸਵੀਕਾਰ ਕਰ ਲਵੇਗਾ ਬਲਕਿ ਕਿਸਾਨ ਏਨਾ ਚੇਤੰਨ, ਜਥੇਬੰਦ, ਇੱਕਮੁੱਠ ਤੇ ਸੰਘਰਸ਼ਸੀਲ ਹੈ ਕਿ ਉਹ ਇਸ ਕਾਰਪੋਰੇਟਪੱਖੀ ਹਕੂਮਤੀ ਠੱਗੀ ਨੂੰ ਠੁੱਡੇ 'ਤੇ ਰੱਖਣੀ ਜਾਣਦਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਪਿੰਡ-ਪਿੰਡ ਚਲਾਈ ਜਾ ਰਹੀ ਮੀਟਿੰਗਾਂ ਰੈਲੀਆਂ ਦੀ ਮੁਹਿੰਮ ਦੇ ਸਿੱਟੇ ਵਜੋਂ 9 ਜੂਨ ਨੂੰ ਚੌਕੀਮਾਨ ਟੌਲ ਤੋਂ ਵੱਡਾ ਕਾਫਲਾ ਇਸ ਲਈ ਰਵਾਨਾ ਹੋਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਸਵੱਦੀ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ, ਸੋਹਣ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਤਲਵੰਡੀ, ਤੇਜਿੰਦਰ ਸਿੰਘ ਵਿਰਕ, ਅਮਰਜੀਤ ਸਿੰਘ ਖੰਜਰਵਾਲ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ, ਮੋਦਨ ਸਿੰਘ ਕੁਲਾਰ, ਬਲਤੇਜ ਸਿੰਘ ਤੇਜੂ ਸਿੱਧਵਾਂ ਤੇ ਹੋਰ ਹਾਜ਼ਰ ਸਨ।