ਵਿਧਾਇਕਾਂ ਵੱਲੋਂ ਐਕਿਊਪੰਕਚਰ ਇਲਾਜ ਪ੍ਰਣਾਲੀ ਦਾ ਸਮਰਥਨ
ਡਾ. ਡੀ ਐੱਨ ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਦਾ ਗੋਲਡਨ ਜੁਬਲੀ ਸਮਾਗਮ ਹੋਇਆ ਜਿਸ ਵਿੱਚ ਦੇਸ਼ ਤੇ ਪੰਜਾਬ ਭਰ ਤੋਂ ਡਾਕਟਰਾਂ, ਐੱਨ ਜੀ ਓਜ਼, ਐਕਿਊਪੰਕਚਰਿਸਟਾਂ, ਸਿਆਸੀ ਆਗੂਆਂ ਨੇ
ਸ਼ਮੂਲੀਅਤ ਕੀਤੀ।
ਇਸ ਮੌਕੇ ਪੰਜਾਬ ਵਿੱਚ ਐਕਿਊਪੰਕਚਰ ਇਲਾਜ਼ ਪ੍ਰਣਾਲੀ ਨੂੰ ਮਾਨਤਾ ਦਿਵਾਉਣ ਅਤੇ ਐਕਿਊਪੰਕਚਰ ਡਿਗਰੀ ਕਾਲਜ ਖੋਲ੍ਹਣ ਦੇ ਫ਼ੈਸਲੇ ਨੂੰ ਮਨਜ਼ੂਰੀ ਦਿਵਾਉਣ ਲਈ ਜਲਦੀ ਹੀ ਵਿਧਾਇਕਾਂ ਦੇ ਇੱਕ ਵਫ਼ਦ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੇਗਾ। ਸਮਾਗਮ ਦੌਰਾਨ ਆਪ ਵਿਧਾਇਕਾਂ ਚੌਧਰੀ ਮਦਨ ਲਾਲ ਬੱਗਾ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਡਾ. ਇੰਦਰਜੀਤ ਸਿੰਘ ਵੱਲੋਂ ਇਸ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਵਿਧਾਇਕ ਗਰੇਵਾਲ ਨੇ ਵੀ ਐਕਿਊਪੰਕਚਰ ਇਲਾਜ ਪ੍ਰਣਾਲੀ ਨੂੰ ਇਲਾਜ ਤੇ ਸਿੱਖਿਅਕ ਪ੍ਰਣਾਲੀ ਵਜੋਂ ਸਮਰਥਨ ਦਿੰਦਿਆਂ ਕਿਹਾ ਕਿ ਹਸਪਤਾਲ ਦੇ ਗੋਲਡਨ ਜੁਬਲੀ ਵਰ੍ਹੇ ਵਿੱਚ ਇਸਨੂੰ ਮਾਨਤਾ ਮਿਲਣੀ ਹੀ ਚਾਹੀਦੀ ਹੈ।
ਇਸ ਮੌਕੇ ਚੀਨੀ ਦੂਤਾਵਾਸ ਤੋਂ ਮਿਨਿਸਟਰ ਕਲਚਰਲ ਕੌਂਸਲਰ ਵਾਂਗ ਸ਼ਿੰਗਮਿੰਗ, ਜੈਂਗ ਹੈਲਿਨ (ਫਰਸਟ ਸੈਕਟਰੀ), ਸ਼ੂ ਨਿੰਗ (ਅਟਾਚੇ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਦਾ ਵਿਧਾਇਕ ਬੱਗਾ ਅਤੇ ਗਰੇਵਾਲ ਨਾਲ ਭਾਈ ਰਣਜੀਤ ਸਿੰਘ ਮਸਕੀਨ, ਅੰਡਰ ਸੈਕਟਰੀ ਅੰਕਿਤ ਸ੍ਰੀਵਾਸਤਵ, ਡਾ. ਇੰਦਰਜੀਤ ਸਿੰਘ ਢੀਂਗਰਾ, ਡਾ. ਜੀ ਐਸ ਮੱਕੜ, ਇਕਬਾਲ ਸਿੰਘ ਗਿੱਲ, ਡਾ. ਸੰਦੀਪ ਚੋਪੜਾ, ਡਾ. ਚੇਤਨਾ ਚੋਪੜਾ, ਅਸ਼ਵਨੀ ਵਰਮਾ, ਕੇ ਆਰ ਸੀਕਰੀ, ਜਗਦੀਸ਼ ਸਿਡਾਨਾ, ਜਸਵੰਤ ਸਿੰਘ ਛਾਪਾ, ਕਰਨਲ ਐੱਚ ਐੱਸ ਕਾਹਲੋਂ ਅਤੇ ਕੌਂਸਲਰ ਅਮਨ ਬੱਗਾ ਆਦਿ ਨੇ ਬੁੱਕੇ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਵਾਂਗ ਸ਼ਿੰਗਮਿੰਗ ਨੇ ਡਾ. ਦਵਾਰਕਾ ਨਾਥ ਕੋਟਨੀਸ ਅਤੇ ਡਾ. ਵਿਜੈ ਕੁਮਾਰ ਬਾਸੂ ਦੀ ਚੀਨ ਲਈ ਕੀਤੀ ਕੁਰਬਾਨੀ ਅਤੇ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਚੀਨ ਸਰਕਾਰ ਅਤੇ ਚੀਨ ਦੀ ਜਨਤਾ ਉਨ੍ਹਾਂ ਦਾ ਉਪਕਾਰ ਕਦੇ ਨਹੀਂ ਭੁੱਲ ਸਕਦੀ ਅਤੇ ਡਾ. ਇੰਦਰਜੀਤ ਸਿੰਘ ਵੱਲੋਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਐਕਿਊਪੰਕਚਰ ਰਾਹੀਂ ਮਨੁੱਖਤਾ ਦੀ ਭਲਾਈ ਲਈ ਅੱਗੇ ਵੀ ਹਰੇਕ ਸਹਿਯੋਗ ਜਾਰੀ ਰੱਖੇਗੀ ਅਤੇ ਚੀਨ ਤੋਂ ਤਜ਼ਰਬੇਕਾਰ ਐਕਿਊਪੰਕਚਰਿਸਟ ਭਾਰਤ ਭੇਜੇ ਜਾਣਗੇ ਜੋ ਨੌਜਵਾਨਾਂ ਨੂੰ ਸਿਖਲਾਈ ਦੇਣਗੇ। ਗਿਆਨੀ ਰਣਜੀਤ ਸਿੰਘ ਮਸਕੀਨ ਨੇ ਲੋਕਾਂ ਨੂੰ ਐਕਿਊਪੰਕਚਰ ਪ੍ਰਣਾਲੀ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਚੀਨੀ ਵਫ਼ਦ ਅਤੇ ਕੌਂਸਲਰ ਅਮਨ ਬੱਗਾ ਨੇ ਹਸਪਤਾਲ ਦੀ ਓ ਪੀ ਡੀ ਦਾ ਦੌਰਾ ਕਰ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕਰਨਲ ਐੱਚ ਐੱਸ ਕਾਹਲੋਂ, ਗੌਤਮ ਜਲੰਧਰੀ, ਪਰਮਿੰਦਰ ਮਹਿਤਾ, ਗੁਰਦੀਪ ਸਿੰਘ ਗੋਸ਼ਾ, ਅਸ਼ਵਨੀ ਸ਼ਰਮਾ, ਰੇਸ਼ਮ ਸਿੰਘ ਨੱਤ, ਬਲਰਾਜ ਖੰਨਾ, ਡਾ. ਅਰੁਣ ਮਿੱਤਰਾ, ਡਾ. ਅਨੀਸ਼ ਗੁਪਤਾ, ਡਾ. ਸਮੁੱਲਾ, ਡਾ. ਰਵਿੰਦਰ ਕੌਚਰ, ਡਾ. ਸੁਨੀਲ ਸ਼ਰਮਾ, ਡਾ. ਐੱਸ ਐੱਨ ਪਾਂਡੇ, ਡਾ. ਗੁਰਦੀਪ ਸਿੰਘ, ਕੌਂਸਲਰ ਪੁਸ਼ਪਿੰਦਰ ਭਨੌਟ, ਡਾ. ਮਨਜੀਤ ਕੌਰ ਅਤੇ ਡਾ. ਮਹੇਸ਼ ਕੁਮਾਰ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੂੰ ਪੰਜਾਹ ਸਾਲਾਂ ਦੀ ਸੇਵਾ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
