ਵਿਧਾਇਕਾ ਮਾਣੂੰਕੇ ਨੇ 12 ਪਿੰਡਾਂ ਨੂੰ ਗਰਾਂਟ ਵੰਡੀ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਜਗਰਾਉਂ ਹਲਕੇ ਦੇ 12 ਪਿੰਡਾਂ ਨੂੰ 50 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੰਡੇ, ਜਿਹੜੇ ਪਿੰਡਾਂ ਨੂੰ ਗਰਾਂਟ ਦਿੱਤੀ ਗਈ ਉਨ੍ਹਾਂ ਵਿੱਚ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਣ ਉਪਰੰਤ ਸਦੀਵੀ ਵਿਛੋੜਾ ਦੇ ਗਏ ਗਾਇਕ ਰਾਜਵੀਰ ਜਵੰਦਾ ਦਾ ਪਿੰਡ ਪੋਨਾ ਵੀ ਸ਼ਾਮਲ ਹੈ। ਇਸੇ ਪਿੰਡ ਦੀ ਇਸ ਤੋਂ ਪਹਿਲਾਂ ਸਰਪੰਚ ਮਰਹੂਮ ਗਾਇਕ ਦੀ ਮਾਂ ਸੀ ਜਦਕਿ ਹੁਣ ਹਰਪ੍ਰੀਤ ਸਿੰਘ ਰਾਜੂ ਸਰਪੰਚ ਹਨ। ਵਿਧਾਇਕਾ ਮਾਣੂੰਕੇ ਨੇ ਗਰਾਮ ਪੰਚਾਇਤ ਪੋਨਾ ਨੂੰ ਪਿੰਡ ਦੇ ਵਿਕਾਸ ਲਈ ਤਿੰਨ ਲੱਖ ਦੀ ਗਰਾਂਟ ਦਾ ਇਹ ਚੈੱਕ ਸੌਂਪਿਆ। ਗਰਾਂਟ ਵੰਡਣ ਲਈ ਪਿੰਡ ਅਖਾੜਾ ਤੇ ਪੱਤੀ ਮਲਕ ਵਿੱਚ ਪਿੰਡ ਵਾਸੀਆਂ ਨੇ ਸਮਾਗਮ ਵੀ ਕਰਵਾਏ। ਪੱਤਰਕਾਰਾਂ ਨਾਲ ਗੱਲਬਾਤ ਸਮੇਂ ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਅੱਜ ਪਿੰਡ ਕਮਾਲਪੁਰਾ ਨੂੰ ਤਿੰਨ ਲੱਖ, ਚੀਮਾ ਨੂੰ ਤਿੰਨ ਲੱਖ, ਪਿੰਡ ਕੋਠੇ ਅੱਠ ਚੱਕ ਨੂੰ ਦੋ ਲੱਖ, ਪਿੰਡ ਬਰਸਾਲ ਨੂੰ ਅੱਠ ਲੱਖ, ਅਖਾੜਾ ਨੂੰ ਦੋ ਲੱਖ, ਚਕਰ ਨੂੰ ਸੱਤ ਲੱਖ, ਬੇਟ ਦੇ ਪਿੰਡ ਪਰਜੀਆਂ ਕਲਾਂ ਨੂੰ ਛੇ ਲੱਖ, ਗਾਲਿਬ ਕਲਾਂ ਨੂੰ ਪੰਜ ਲੱਖ, ਜਗਰਾਉਂ ਪੱਤੀ ਮਲਕ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵਿਕਾਸ ਕਾਰਜਾਂ ਲਈ ਦਿੱਤੇ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਪੰਜਾਬ ਸਰਕਾਰ ਜਲਦੀ ਹਲਕੇ ਦੇ ਹੋਰ ਪਿੰਡਾਂ ਨੂੰ ਗਰਾਂਟ ਭੇਜੇਗੀ ਜਿਸ ਨਾਲ ਪਿੰਡਾਂ ਦੇ ਰਹਿੰਦੇ ਜ਼ਰੂਰੀ ਕੰਮ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ‘ਆਪ’ ਆਗੂ ਗੁਰਚਰਨ ਸਿੰਘ ਨਿੱਕਾ ਗਾਲਿਬ, ਬੀਡੀਪੀਓ ਸੁਰਜੀਤ ਚੰਦ ਤੋਂ ਇਲਾਵਾ ਸਰਪੰਚ ਸੋਹਣ ਸਿੰਘ ਚਕਰ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਸਰਪੰਚ ਮਨਦੀਪ ਸਿੰਘ ਕਮਾਲਪੁਰਾ, ਅਮਰਦੀਪ ਟੂਰੇ, ਕਮਲਜੀਤ ਕਮਾਲਪੁਰਾ, ਕਰਮ ਸਿੰਘ ਸਿੱਧੂ, ਜਗਸੀਰ ਸਿੰਘ ਪੰਚ, ਜਸਵਿੰਦਰ ਲੋਪੋਂ, ਸਰਪੰਚ ਹਰਦੀਪ ਸਿੰਘ ਬਰਸਾਲ, ਪਰਮਿੰਦਰ ਸਿੰਘ ਖਹਿਰਾ, ਬਿਕਰਮਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ।