ਵਿਧਾਇਕ ਵੱਲੋਂ 5 ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਅਹਿਮਦਗੜ੍ਹ,17 ਮਈ
‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਜ਼ਿਲ੍ਹੇ ਦੇ 5 ਹੋਰ ਸਰਕਾਰੀ ਸਕੂਲਾਂ ਵਿੱਚ ਕਰੀਬ 53 ਲੱਖ 31 ਹਜ਼ਾਰ ਦੀ ਲਾਗਤ ਵਾਲੇ ਵਿਕਾਸ ਕਾਰਜ ਸਮਰਪਿਤ ਕੀਤੇ ਗਏ। ਇਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰੀਬ 31 ਲੱਖ 23 ਹਜਾਰ ਰੁਪਏ ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕਰੀਬ 22 ਲੱਖ 7 ਹਜਾਰ ਰੁਪਏ ਦੇ ਵਿਕਾਸ ਕੰਮ ਸ਼ਾਮਲ ਹਨ।
ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਬਾਦਸ਼ਾਹਪੁਰ ਵਿੱਚ ਕਰੀਬ 3 ਲੱਖ 98 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, ਸਰਕਾਰੀ ਹਾਈ ਸਕੂਲ ਦੁੱਗਰੀ ਵਿੱਚ ਕਰੀਬ 18 ਲੱਖ 9 ਹਜਾਰ ਰੁਪਏ ਦੀ ਲਾਗਤ ਨਾਲ ਕਮਰੇ ਦਾ ਨਵੀਨੀਕਰਨ, ਨਵਾਂ ਕਮਰਾ ਅਤੇ ਪਖਾਨੇ ਦਾ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਰਣਵਾ ਵਿਖੇ ਕਰੀਬ 13 ਲੱਖ 7 ਹਜਾਰ ਦੀ ਲਾਗਤ ਨਾਲ ਚਾਰਦੀਵਾਰੀ, ਕਮਰੀ ਦੀ ਰਿਪੇਅਰ ਅਤੇ ਨਵਾਂ ਕਮਰਾ, ਸਰਕਾਰੀ ਪ੍ਰਾਇਮਰੀ ਸਕੂਲ ਜਤੂਆਂ ਵਿਖੇ ਕਰੀਬ 13 ਲੱਖ 76 ਹਜਾਰ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਨਵਾਂ ਕਮਰਾ, ਸਰਕਾਰੀ ਪ੍ਰਾਇਮਰੀ ਸਕੂਲ ਬਾਦਸ਼ਾਹਪੁਰ ਵਿਖੇ ਕਰੀਬ 4 ਲੱਖ 40 ਹਜਾਰ ਦੀ ਲਾਗਤ ਨਾਲ ਚਾਰਦੀਵਾਰੀ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਆਂਦੀਆਂ ਹਨ। ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਵਾਂਗ ਆਧੁਨਿਕ ਸਾਇੰਸ ਲੈਬ, ਕੰਪਿਊਟਰ ਲੈਬ, ਸਮਾਰਟ ਕਲਾਸ ਰੂਮਜ਼, ਵਧੀਆ ਫਰਨੀਚਰ, ਖੇਡਾਂ ਦਾ ਸਾਮਾਨ, ਇੰਟਰੈਕਟਿਵ ਪੈਨਲ ਆਦਿ ਸਹੂਲਤਾਂ ਨਾਲ ਲੈਸ ਹਨ, ਵਿਧਾਇਕ ਨੇ ਇਸ ਮੌਕੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾ ਰਹੀਆਂ ਵਰਦੀਆਂ, ਕਿਤਾਬਾਂ, ਮਿੱਡ-ਡੇ ਮੀਲ ਸਮੇਤ ਹੋਰ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ ।ਇਸ ਮੌਕੇ ਪ੍ਰਿੰਸੀਪਲ ਨੀਲਮ ਕੁਮਾਰੀ, ਹੈੱਡ ਟੀਚਰ ਨਰਿੰਦਰ ਕੌਰ, ਹੈੱਡ ਟੀਚਰ ਦਵਿੰਦਰ ਸਿੰਘ, ਹੈੱਡ ਟੀਚਰ ਅਸ਼ਹੀਕ ਅਲੀ, ਸਹਾਇਕ ਜ਼ਿਲਾ ਸਮਾਰਟ ਸਕੂਲ ਕੌਆਰਡੀਨੇਟਰ ਮੁਹੰਮਦ ਅਸਦ, ਹੈਡਮਾਸਟਰ ਗੁਰਜੰਟ ਸਿੰਘ, ਬੀ.ਐਨ.ਓ ਜਾਹਿਦ ਸ਼ਫੀਕ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ।