ਵਿਧਾਇਕ ਪੱਕੇ ਮਕਾਨਾਂ ਲਈ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਅੱਜ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਗ਼ਰੀਬ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਗਏ। ਨਗਰ ਕੌਂਸਲ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਦਿਆਲਪੁਰਾ ਨੇ ਚੈੱਕ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਛੀਵਾੜਾ ਸ਼ਹਿਰ ਦੇ ਕਰੀਬ 240 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 2.50 ਲੱਖ ਰੁਪਏ ਦੇਣ ਦੀ ਪ੍ਰਵਾਨਗੀ ਮਿਲੀ ਹੈ ਜਿਸ ਤਹਿਤ 150 ਪਰਿਵਾਰਾਂ ਨੂੰ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਵਲੋਂ ਇਹ ਰਾਸ਼ੀ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਹੈ ਅਤੇ ਲਾਭਪਾਤਰੀ ਨਿਯਮਾਂ ਅਨੁਸਾਰ ਆਪਣਾ ਮਕਾਨ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਬਾਕੀ ਲਾਭਪਾਤਰੀਆਂ ਨੂੰ ਇਹ ਰਾਸ਼ੀ ਮਿਲ ਜਾਵੇਗੀ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਭਲਾਈ ਯੋਜਨਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ ਜਿਸ ਲਈ ਲੋਕ ਇਨ੍ਹਾਂ ਦਾ ਲਾਭ ਉਠਾਉਣ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਹੋਰ ਵੀ ਪਰਿਵਾਰਾਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ। ਇਸ ਮੌਕੇ ਕਾਰਜ ਸਾਧਕ ਅਫ਼ਸਰ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਨੀਰਜ, ਕਿਸ਼ੋਰ ਕੁਮਾਰ, ਨਿਰਮਲ ਸਿੰਘ ਰਾਜੂ, ਪ੍ਰਕਾਸ਼ ਕੌਰ, ਰਵਿੰਦਰਜੀਤ ਕੌਰ (ਸਾਰੇ ਕੌਂਸਲਰ), ਨਿਰੰਜਨ ਨੂਰ, ਲੇਖਾਕਾਰ ਸੰਜੀਵ ਗਰੋਵਰ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਪ੍ਰਵੀਨ ਮੱਕੜ, ਜਸਵੀਰ ਸਿੰਘ ਭੱਟੀਆਂ ਵਾਲੇ, ਰਾਜਿੰਦਰ ਸਿੰਘ ਰੰਧਾਵਾ ਆਦਿ ਵੀ ਮੌਜੂਦ ਸਨ।
ਸਾਲ ਵਿਚ 250 ਗ਼ਰੀਬ ਪਰਿਵਾਰਾਂ ਨੂੰ ਲਾਭ ਦਿਵਾਇਆ: ਕੁੰਦਰਾ
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਮਾਛੀਵਾੜਾ ਨਗਰ ਕੌਂਸਲ ਵਲੋਂ ਲੋਕ ਭਲਾਈ ਯੋਜਨਾਵਾਂ ਗ਼ਰੀਬਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਵਿਚ ਮਾਛੀਵਾੜਾ ਸ਼ਹਿਰ ਦੇ ਸਿਰਫ਼ 72 ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾਂ ਤਹਿਤ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਗ੍ਰਾਂਟ ਮਿਲੀ ਪਰ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਇੱਕ ਸਾਲਾ ਕਾਰਗੁਜ਼ਾਰੀ ਦੌਰਾਨ 250 ਗ਼ਰੀਬ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਦਿਵਾਇਆ ਗਿਆ। ਲਾਭਪਾਤਰੀਆਂ ਨੂੰ ਚੈੱਕ ਦਿੰਦੇ ਹੋਏ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਹੋਰ। -ਫੋਟੋ: ਟੱਕਰ
