ਵਿਧਾਇਕ ਅਤੇ ਮੇਅਰ ਵੱਲੋਂ ਸੜਕ ਬਣਾਉਣ ਦੀ ਸ਼ੁਰੂਆਤ
ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਹੈਬੋਵਾਲ ਮੇਨ ਪੁਲੀ ਤੋਂ ਭੂਰੀ ਵਾਲੇ ਗੁਰਦੁਆਰਾ ਸਾਹਿਬ ਤੱਕ ਮੇਨ ਰੋਡ ਬਣਾਉਣ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹ ਪ੍ਰਾਜੈਕਟ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਇਸ ਪ੍ਰਾਜੈਕਟ ਤਹਿਤ ਕੰਕਰੀਟ ਦੀ ਸੜਕ ਬਣਾਈ ਜਾ ਰਹੀ ਹੈ।
ਵਿਧਾਇਕ ਬੱਗਾ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਭਰ ਵਿੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦਾ ਧਿਆਨ ਟਿਕਾਊ ਵਿਕਾਸ ’ਤੇ ਹੈ। ਵਿਧਾਇਕ ਬੱਗਾ ਅਤੇ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਵਿਕਾਸ ਪ੍ਰਾਜੈਕਟ ਆਰੰਭੇ ਜਾਣਗੇ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਧਾਇਕ ਬੱਗਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੇਨ ਜੱਸੀਆਂ ਰੋਡ ਬਣਾਉਣ ਸਮੇਤ ਹੋਰ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਪੁਸ਼ਪਿੰਦਰ ਭਨੋਟ, ਗੁਰਬੀਰ ਬਾਜਵਾ ਸਮੇਤ ਹੈਬੋਵਾਲ ਮਾਰਕੀਟ ਐਸੋਸੀਏਸ਼ਨ ਦੇ ਹੋਰ ਮੈਂਬਰ ਮੌਜੂਦ ਸਨ।