ਮਿਸ਼ਨ ਸਵਸਥ ਕਵਚ: ਅਧਿਆਪਕਾਂ ਤੇ ਵਿਦਿਆਰਥੀਆਂ ਲਈ ਵਰਕਸ਼ਾਪ
ਪ੍ਰਸ਼ਾਸਨ ਵੱਲੋਂ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨਾਲ ਸਾਂਝੇਦਾਰੀ ਵਿੱਚ ਮਿਸ਼ਨ ਸਵਸਥ ਕਵਚ ਅਧੀਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀਵਨ ਬਚਾਉਣ ਸਬੰਧੀ ਮਹੱਤਵਪੂਰਨ ਸਿਖਲਾਈ ਦੇਣ ਲਈ ਤਿੰਨ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ ਗਈ। ਇਸ ਵਰਕਸ਼ਾਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਵਰਕਸ਼ਾਪ ਦਾ ਉਦੇਸ਼ ਸਰਕਾਰੀ ਸਕਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਸਿਖਲਾਈ ਪ੍ਰਾਪਤ ਸਿਹਤ ਸਲਾਹਕਾਰਾਂ ਦਾ ਇੱਕ ਕਾਡਰ ਬਣਾਉਣ ਦੱਸਿਆ, ਜੋ ਆਪਣੇ ਭਾਈਚਾਰਿਆਂ ਦੇ ਅੰਦਰ ਜ਼ਰੂਰੀ ਸਿਹਤ ਅਭਿਆਸਾਂ ਨੂੰ ਅੱਗੇ ਵਧਾਉਣਗੇ। ਇਹ ਪਹਿਲ ਸੀਪੀਆਰ ਅਤੇ ਬਲੱਡ ਪ੍ਰੈਸ਼ਰ ਨਿਗਰਾਨੀ ਅਤੇ ਜਾਗਰੂਕਤਾ ਨਾਲ ਹੋਵੇਗੀ। ਇਸ ਸਿਖਲਾਈ ਰਹੀਂ ਐਮਰਜੈਂਸੀ ਦੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ’ਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਮਿਸ਼ਨ ਸਵਸਥ ਕਵਚ ਤਹਿਤ 534 ਸਰਕਾਰੀ ਸਕੂਲਾਂ ਦੇ ਅਧਿਆਪਕਾਂ/ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਡੀਐਮਸੀਐਚ ਵਿੱਚ ਕਰਵਾਈ ਜਾ ਰਹੀ ਇਸ ਵਰਕਸ਼ਾਪ-ਕਮ-ਸੈਮੀਨਾਰ ਵਿੱਚ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਪ੍ਰਾਪਤ ਅਧਿਆਪਕ ਅੱਗੋਂ ਸਿਹਤ ਸਲਾਹਕਾਰ ਵਜੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੀਐਮਸੀਐਚ ਵੱਲੋਂ ਸਰਕਾਰੀ ਸਕੂਲਾਂ ਨੂੰ 500 ਬਲੱਡ ਪ੍ਰੈਸ਼ਰ ਨਿਗਰਾਨੀ ਉਪਕਰਣ ਵੀ ਦਿੱਤੇ ਜਾਣਗੇ। ਇਹ ਵਰਕਸ਼ਾਪ 27 ਅਗਸਤ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡੀਐਮਸੀਐਚ ਦੇ ਹੀਰੋ ਹਾਰਟ ਦੇ ਡੁਮਰਾ ਆਡੀਟੋਰੀਅਮ ਲੱਗੇਗੀ ਅਤੇ ਇਸ ਵਿੱਚ ਰੋਜ਼ਾਨਾ 175 ਅਧਿਆਪਕ ਹਿੱਸਾ ਲੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ ਅਮਰਜੀਤ ਬੈਂਸ, ਮੁੱਖ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ, ਡੀਐਮਸੀਐਚ ਦੇ ਪ੍ਰਿੰਸੀਪਲ ਡਾ. ਜੀਐਸ ਵਾਂਡਰ ਅਤੇ ਹੋਰ ਸ਼ਾਮਲ ਸਨ।