‘ਮਿਸ਼ਨ ਸਮਰੱਥ’ ਨੇ ਘੁੰਮਣਘੇਰੀ ’ਚ ਫਸਾਏ ਅਧਿਆਪਕ, ਸਿਲੇਬਸ ਦੀ ਪੜ੍ਹਾਈ ਪੱਛੜੀ
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਪੱਧਰ ਦੀ ਜਾਂਚ ਲਈ ਮਿਸ਼ਨ ਸਮਰੱਥ ਤਹਿਤ ਪੜ੍ਹਾਈ ਕਰਵਾਈ ਜਾਂਦੀ ਹੈ। ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਸ਼ੁਰੂ ਇਸ ਪ੍ਰਾਜੈਕਟ ਤਹਿਤ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉਨ੍ਹਾਂ ਦਾ ਗ੍ਰੇਡਿੰਗ ਪੱਧਰ ਨਿਰਧਾਰਤ ਕੀਤਾ ਜਾਂਦਾ ਹੈ। ਲਗਪਗ ਸਾਰੇ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅੱਧੀ ਛੁੱਟੀ ਤੋਂ ਪਹਿਲਾਂ ਬੱਚਿਆਂ ਨੂੰ ਮਿਸ਼ਨ ਸਮਰੱਥ ਤਹਿਤ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਕਰਕੇ ਸਲੇਬਸ ਦੀ ਪੜ੍ਹਾਈ ਦਿਨੋਂ-ਦਿਨ ਪਛੜਦੀ ਜਾ ਰਹੀ ਹੈ। ਅੱਧਾ ਸੈਸ਼ਨ ਬੀਤ ਜਾਣ ’ਤੇ ਵੀ ਜ਼ਿਲ੍ਹੇ ਦੇ ਕਈ ਬਲਾਕਾਂ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਦੀਆਂ ਪੰਜਾਬੀ ਅਤੇ ਅੰਗਰੇਜ਼ੀ, ਦੂਜੀ ਜਮਾਤ ਦੀ ਪੰਜਾਬੀ, ਤੀਜੀ ਜਮਾਤ ਦੀਆਂ ਪੰਜਾਬੀ, ਗਣਿਤ, ਅੰਗਰੇਜ਼ੀ ਅਤੇ ਚੌਥੀ ਜਮਾਤ ਦੀਆਂ ਪੰਜਾਬੀ, ਗਣਿਤ ਅਤੇ ਈਵੀਐੱਸ ਦੀਆਂ ਕਿਤਾਬਾਂ ਨਹੀਂ ਪਹੁੰਚੀਆਂ। ਕਈ ਸਕੂਲਾਂ ਦੇ ਅਧਿਆਪਕਾਂ ਨੇ ਗੱਲ ਕਰਨ ’ਤੇ ਦੱਸਿਆ ਕਿ ‘ਮਿਸ਼ਨ ਸਮਰੱਥ’ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਤੇ ਪੜ੍ਹਾਈ ਦਾ ਦੁੱਗਣਾ ਬੋਝ ਪਿਆ ਹੋਇਆ ਹੈ।
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਣਾ ਜੀਵਨ ਦੀ ਨਿਰੰਤਰ ਪ੍ਰਕਿਰਿਆ ਹੈ ਪਰ ਅੰਕੜੇਬਾਜ਼ੀ ਦੀ ਖੇਡ ਨੇ ਮਾਸਟਰਾਂ ਅਤੇ ਬੱਚਿਆਂ ਨੂੰ ਉਲਝਾਇਆ ਹੋਇਆ ਹੈ। ਜੇਕਰ ਸਿਲੇਬਸ ਦੀਆਂ ਕਿਤਾਬਾਂ ਪੜ੍ਹਾਉਣੀਆਂ ਹੀ ਨਹੀਂ ਹਨ ਤਾਂ ਇਸ ਦੀ ਥਾਂ ‘ਮਿਸ਼ਨ ਸਮਰੱਥ’ ਦੀ ਤਰ੍ਹਾਂ ਦਾ ਕੋਈ ਹੋਰ ਪ੍ਰਾਜੈਕਟ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਧਿਆਪਕਾਂ ਦੀ ਖੱਜਲ-ਖੁਆਰੀ ਘਟ ਸਕੇ।
ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਅਜਿਹੇ ਬਲਾਕ ਹਨ ਜਿੱਥੇ ਹਾਲੇ ਤੱਕ ਸਿਲੇਬਸ ਦੀਆਂ ਕਿਤਾਬਾਂ ਹੀ ਪੂਰੀਆਂ ਨਹੀਂ ਪਹੁੰਚੀਆਂ ਜੋ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ।