ਜਗਰਾਉਂ ’ਚ ਲੱਗਣਗੇ ‘ਚੇਅਰਮੈਨ ਹਾਜ਼ਰ ਹੋ’ ਦੇ ਬੋਰਡ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੈਸੇ ਤਾਂ ਕਈ ਅਲੋਕਾਰੀ ਕੰਮਾਂ ਕਰਕੇ ਜਾਣੀ ਜਾਂਦੀ ਹੈ, ਪਰ ਜਗਰਾਉਂ ਮਾਰਕੀਟ ਕਮੇਟੀ ਦੇ ਐਲਾਨੇ ਚੇਅਰਮੈਨ ਦਾ ਸੱਤ ਮਹੀਨੇ ਬਾਅਦ ਵੀ ਥਹੁ-ਪਤਾ ਨਾ ਲੱਗਣ ਦਾ ਮਾਰਅਕਾ ਵੀ ਇਸੇ ਸਰਕਾਰ ਦੇ ਹਿੱਸੇ ਆਇਆ ਹੈ। ਸੂਬਾ ਸਰਕਾਰ ਨੇ 24 ਫਰਵਰੀ ਨੂੰ ਪੰਜਾਬ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ ਕੀਤਾ। ਇਸ ਸੂਚੀ ਵਿੱਚ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਬਲਦੇਵ ਸਿੰਘ ਦਾ ਨਾਂ ਦਰਜ ਸੀ। ਹੁਣ ਜਦੋਂ ਪੂਰੇ ਸੱਤ ਮਹੀਨੇ ਲੰਘ ਗਏ ਹਨ ਤਾਂ ਵੀ ਇਸ ਬਲਦੇਵ ਸਿੰਘ ਦਾ ਪਤਾ ਨਹੀਂ ਲੱਗ ਸਕਿਆ। ਮਾਰਕੀਟ ਕਮੇਟੀ ਦਫ਼ਤਰ ਵਿੱਚ ਚੇਅਰਮੈਨ ਦੀ ਕੁਰਸੀ ਵੀ ਬਲਦੇਵ ਸਿੰਘ ਨੂੰ ਅੱਖਾਂ ਵਿਛਾਈ ਉਡੀਕ ਰਹੀ ਹੈ। ਇਹ ਮੁੱਦਾ ਤਾਂ ਮਜ਼ਾਕ ਦਾ ਵਿਸ਼ਾ ਵੀ ਬਣ ਗਿਆ ਕਿਉਂਕਿ ਬਲਦੇਵ ਸਿੰਘ ਦੇ ਨਾਂ ਵਾਲੇ ਸਵਾਦ ਲੈਣ ਲੱਗੇ। ਇਸ ਕਰਕੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ ਅਤੇ ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟਉਮਰਾ ਨੇ ਐਲਾਨ ਕਰ ਦਿੱਤਾ ਕਿ ਜਲਦ ਬਲਦੇਵ ਸਿੰਘ ਵੱਲੋਂ ਚੇਅਰਮੈਨ ਦੀ ਕੁਰਸੀ ਨਾ ਸੰਭਾਲਣ ’ਤੇ ਉਹ ਪੂਰੇ ਸ਼ਹਿਰ ਅੰਦਰ 'ਚੇਅਰਮੈਨ ਹਾਜ਼ਰ ਹੋ' ਦੇ ਬੋਰਡ ਲਾਉਣਗੇ। ਉਨ੍ਹਾਂ ਕਿਹਾ ਕਿ ਏਸ਼ੀਆ ਦੀ ਇਸ ਦੂਜੀ ਵੱਡੀ ਮੰਡੀ ਵਿੱਚ ਝੋਨੇ ਦੀ ਆਮਦ ਤੇਜ਼ ਹੋ ਰਹੀ ਹੈ ਪਰ ਚੇਅਰਮੈਨ ਦਾ ਕੋਈ ਥਹੁ ਪਤਾ ਹੀ ਨਹੀਂ ਹੈ। ਇਹ ਬੋਰਡ ਲੱਗਣ 'ਤੇ ਸਰਕਾਰ ਲਈ ਹੋਰ ਵੀ ਨਮੋਸ਼ੀ ਵਾਲੀ ਸਥਿਤੀ ਪੈਦਾ ਹੋਵੇਗੀ। ਇਸ ਚੇਅਰਮੈਨੀ ਦੀ ਮਿਆਦ ਤਿੰਨ ਸਾਲ ਲਈ ਹੁੰਦੀ ਹੈ ਜਦਕਿ ਸਰਕਾਰ ਦਾ ਤਿੰਨ ਸਾਲ ਤੋਂ ਵਧੇਰੇ ਕਾਰਜਕਾਲ ਬੀਤ ਚੁੱਕਿਆ ਹੈ। ਹੁਣ ਪਿੱਛੇ ਇਕ ਸਾਲ ਬਚ ਗਿਆ ਜਿਸ ਵਿੱਚ ਇਕ ਕਣਕ ਅਤੇ ਇਕ ਝੋਨੇ ਦਾ ਸੀਜ਼ਨ ਹੀ ਬਕਾਇਆ ਹੈ। ਇਸ ਲਈ ਜੇ ਹੁਣ ਬਲਦੇਵ ਸਿੰਘ ਮਿਲ ਵੀ ਜਾਂਦਾ ਹੈ ਤਾਂ ਉਸ ਨੂੰ ਸਿਰਫ ਇਕ ਸਾਲ ਹੀ ਕੰਮ ਕਰਨ ਦਾ ਮੌਕਾ ਮਿਲੇਗਾ। ਪਰ ਸਵਾਲ ਸਮਾਂ ਸੀਮਾ ਦਾ ਨਹੀਂ ਸਗੋਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਉੱਠ ਰਹੇ ਹਨ। ਲੋਕਾਂ ਤਾਂ ਛੋਟੇ ਮੋਟੇ ਅਹੁਦੇ ਲਈ ਤਰਲੋਮੱਛੀ ਹੋਏ ਰਹਿੰਦੇ ਹਨ ਅਤੇ ਇਥੇ ਏਸ਼ੀਆ ਦੀ ਦੂਜੀ ਵੱਡੀ ਮੰਡੀ ਦੀ ਮਾਰਕੀਟ ਕਮੇਟੀ ਦਾ ਲਾਪਤਾ ਚੇਅਰਮੈਨ ਬੁਝਾਰਤ ਬਣਿਆ ਹੋਇਆ ਹੈ। ਮਾਰਕੀਟ ਕਮੇਟੀ ਦੇ ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ ਦਾ ਕਹਿਣਾ ਸੀ ਕਿ ਚੇਅਰਮੈਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਨਾ ਹੀ ਮੰਡੀ ਬੋਰਡ ਤੇ ਸਰਕਾਰ ਵਲੋਂ ਕੋਈ ਪੱਤਰ ਆਇਆ ਹੈ।