ਮਿੰਨੀ ਕਹਾਣੀ ਸੰਗ੍ਰਹਿ ‘ਚੁੱਪ ਦਾ ਸੰਨਾਟਾ’ ਲੋਕ ਅਰਪਣ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪੰਜਾਬੀ ਭਵਨ ਸਥਿਤ ਦਫ਼ਤਰ ਵਿੱਚ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਚੁੱਪ ਦਾ ਸੰਨਾਟਾ’ ਲੋਕ ਅਰਪਨ ਕੀਤੀ ਗਈ। ਸਮਾਗਮ ਦੌਰਾਨ ਡਾ. ਸਰਦਾਰਾ ਸਿੰਘ ਜੌਹਲ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ, ਡਾ. ਕੁਲਦੀਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ ਤੇ ਡਾ. ਅਨੂਪ ਸਿੰਘ ਨੇ ਸੁਰਿੰਦਰ ਕੈਲੇ ਨੂੰ ਉਨ੍ਹਾਂ ਦੀ ਨਵੀਂ ਪੁਸਤਕ ਦੀ ਘੁੰਡ ਚੁਕਾਈ ਤੇ ਆਸ਼ਿਰਵਾਦ ਦਿੱਤਾ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸ੍ਰੀ ਕੈਲੇ ਦਸ ਮੌਲਿਕ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਿਆ ਹੈ। ਇਨ੍ਹਾਂ ਵਿੱਚੋਂ ਦੋ ਕਿਤਾਬਾਂ ਕਹਾਣੀਆਂ ਦੀਆਂ ਅਤੇ ਬਾਕੀ ਮਿੰਨੀ ਕਹਾਣੀਆਂ ਦੀਆਂ ਹਨ। ਇਨ੍ਹਾਂ ਤੋਂ ਇਲਾਵਾ ਅੱਠ ਪੁਸਤਕਾਂ ਦਾ ਸੰਪਾਦਨ ਤੇ ਪ੍ਰਕਾਸ਼ਨ ਉਨ੍ਹਾਂ ਦੇ ਸਾਹਿਤ ਦਾ ਹਾਸਲ ਹੈ। ਉਨ੍ਹਾਂ ਕਿਹਾ ਕਿ ‘ਅਣੂ’ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਰਾਹੀਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਨਾਲ ਸਾਹਿਤਕ ਪੱਤਰਕਾਰੀ ਦੀ ਨਿਰੰਤਰ ਪ੍ਰਕਾਸ਼ਨਾਂ ਵਿੱਚ ਅੱਧੀ ਸਦੀ ਤੋਂ ਵਡੇਰਾ ਯੋਗਦਾਨ ਸੁਰਿੰਦਰ ਕੈਲੇ ਦੀ ਪ੍ਰਸੰਸਾਮਈ ਪ੍ਰਾਪਤੀ ਹੈ।
ਇਸ ਮੌਕੇ ਡਾ. ਪਾਲ ਕੌਰ ਡਾ. ਗੁਰਚਰਨ ਕੌਰ ਕੋਚਰ, ਸਹਿਜਪਰੀਤ ਸਿੰਘ ਮਾਂਗਟ , ਡਾ. ਹਰਵਿੰਦਰ ਸਿੰਘ ਸਿਰਸਾ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਜਸਪਾਲ ਮਾਨਖੇੜਾ, ਸਤਿਨਾਮ ਸਿੰਘ ਵਾਹਿਦ, ਡਾ.ਸੰਤੋਖ ਸੁੱਖੀ, ਨਰਿੰਦਰਪਾਲ ਕੌਰ, ਵਰਗਿਸ ਸਲਾਮਤ, ਜਨਮੇਜਾ ਸਿੰਘ ਜੌਹਲ, ਹਰੀ ਸਿੰਘ ਜਾਚਕ ਨੇ ਪੁਸਤਕ ਦੇ ਲੋਕ ਅਰਪਣ ’ਚ ਪ੍ਰਧਾਨਗੀ ਮੰਡਲ ਦਾ ਸਾਥ ਦਿੱਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਗੁਰਪ੍ਰੀਤ, ਡਾ. ਕੁਲਦੀਪ ਚੌਹਾਨ, ਮਨਦੀਪ ਕੌਰ ਭੰਮਰਾ ਸਮੇਤ ਬਹੁਤ ਸਾਰੇ ਲੇਖਕ ਤੇ ਪਾਠਕ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਲੇਖਕ ਸੁਰਿੰਦਰ ਕੈਲੇ ਨੇ ਪ੍ਰਧਾਨਗੀ ਮੰਡਲ , ਵਿਦਵਾਨਾਂ , ਲੇਖਕਾਂ ਅਤੇ ਹਾਜ਼ਰ ਪਾਠਕਾਂ ਤੇ ਸ਼ੁਭ ਚਿੰਤਕਾਂ ਦਾ ਧੰਨਵਾਦ ਕੀਤਾ।