ਪਰਵਾਸੀ ਮਜ਼ਦੂਰਾਂ ਨੇ ਹੁਸ਼ਿਆਰਪੁਰ ਘਟਨਾ ਦੇ ਦੋਸ਼ੀ ਲਈ ਸਖ਼ਤ ਸਜ਼ਾ ਮੰਗੀ
ਸਰਸਵਤੀ ਪੂਜਣ ਮੌਕੇ ਇਥੇ ਇੱਕਤਰ ਹੋਏ ਵੱਡੀ ਗਿਣਤੀ ਪਰਵਾਸੀ ਮਜ਼ਦੂਰਾਂ ਨੇ ਹੁਸ਼ਿਆਰਪੁਰ ਦੇ ਪਿੰਡ ਵਿੱਚ ਇਕ ਮਾਸੂਮ ਬੱਚੇ ਨਾਲ ਵਾਪਰੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫਾਸਟ ਟਰੈਕ ਅਦਾਲਤ ਵਿੱਚ ਇਹ ਮੁਕੱਦਮਾ ਚਲਾ ਕੇ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਹੋਰਨਾਂ ਲਈ ਸਬਕ ਬਣ ਸਕੇ।
ਮਜ਼ਦੂਰ ਆਗੂ ਨਵਲ ਕਿਸ਼ੋਰ, ਮੁਕੇਸ਼ ਕੁਮਾਰ, ਵਿਨੋਦ ਕੁਮਾਰ, ਮਹਾਤਮ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ ਘਟਨਾ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬੀ ਭਾਈਚਾਰੇ ਨੂੰ ਨਫ਼ਰਤੀ ਭੇੜ ਤੋਂ ਬਚਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਵਰ੍ਹਿਆਂ ਤੋਂ ਪੰਜਾਬੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੇਤੀ, ਡੇਅਰੀ, ਪੋਲਟਰੀ ਤੇ ਸਨਅਤ ਵਿੱਚ ਸਹਿਯੋਗ ਕਰਕੇ ਆਪਣਾ ਤੇ ਪਰਿਵਾਰਾਂ ਦੇ ਢਿੱਡ ਭਰ ਰਹੇ ਹਨ। ਘਰ ਤੇ ਭਵਨ ਉਸਾਰੀ ਤੋਂ ਲੈ ਕੇ ਘਰਾਂ ਦਾ ਗੋਹਾ ਕੂੜਾ ਕਰਕੇ ਪੰਜਾਬੀ ਸਮਾਜ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਵੱਡੀ ਗਿਣਤੀ ਪੰਜਾਬੀ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਵਿੱਚ ਕਾਰੋਬਾਰ ਕਰਦੇ ਉਥੋਂ ਦੇ ਸਮਾਜਿਕ ਭਾਈਚਾਰੇ ਦਾ ਪੱਕਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾੜੇ ਅਨਸਰ ਮਾੜੇ ਸਮਾਜ ਦੀ ਦੇਣ ਹਨ ਨਾ ਕਿ ਕਿਸੇ ਸੂਬੇ ਜਾਂ ਭਾਈਚਾਰੇ ਦੀ। ਅਜਿਹੇ ਮਾੜੇ ਇਨਸਾਨ ਕਿਸੇ ਵੀ ਭਾਈਚਾਰੇ ਵਿੱਚ ਹੋ ਸਕਦੇ ਹਨ। ਪਰ ਇਕ ਬੰਦੇ ਜਾਂ ਕੁਝ ਬੰਦਿਆਂ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਕਦੇ ਨਹੀਂ ਦਿੱਤੀ ਜਾ ਸਕਦੀ। ਇਸ ਸਮੇਂ ਮੌਜੂਦ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਪੰਜਾਬੀਆਂ ਨੂੰ ਫਿਰਕੂ ਭੇੜ ਤੋਂ ਬਚਣ ਅਤੇ ਆਪਸੀ ਭਾਈਚਾਰਾ ਬਰਕਰਾਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਵੀ ਹੁਸ਼ਿਆਰਪੁਰ ਘਟਨਾ ਦੇ ਦੋਸ਼ੀ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।
ਪਰਵਾਸੀਆਂ ਖ਼ਿਲਾਫ਼ ਨਫ਼ਰਤੀ ਭੜਕਾਹਟ ’ਤੇ ਚਿੰਤਾ ਪ੍ਰਗਟਾਈ
ਮੁੱਲਾਂਪੁਰ ਦਾਖਾ (ਨਿੱਜੀ ਪੱਤਰ ਪ੍ਰੇਰਕ) ਪਾਵਰਕੌਮ ਪੈਨਸ਼ਨਰਜ਼ ਦੀ ਮੀਟਿੰਗ ਸਰਕਲ ਸੱਕਤਰ ਜਗਤਾਰ ਸਿੰਘ ਸ਼ੇਖੂਪੁਰਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪੈਨਸ਼ਨਰ ਸਾਥੀ ਹਰੀ ਸਿੰਘ ਸੂਜਾਪੁਰ ਦੇ ਵਿਛੋੜੇ ’ਤੇ ਦੁੱਖ ਪ੍ਰਗਟਾਇਆ ਗਿਆ। ਸੀਨੀਅਰ ਆਗੂ ਕੰਵਲਜੀਤ ਖੰਨਾ ਤੇ ਹੋਰਨਾਂ ਨੇ ਹੜ੍ਹਾਂ ਦੀ ਮਾਰ ਵਿੱਚ ਵਿਛੋੜਾ ਦੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਮੂਹ ਮੈਂਬਰਾਂ ਨੇ ਹੁਸ਼ਿਆਰਪੁਰ ਵਿਖੇ ਮਾਸੂਮ ਬੱਚੇ ਨਾਲ ਵਾਪਰੀ ਦਰਦਨਾਕ ਘਟਨਾ 'ਤੇ ਡੂੰਘਾ ਅਫ਼ਸੋਸ ਜ਼ਾਹਰ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਨਾਲ ਹੀ ਕਿਹਾ ਕਿ ਪਰਵਾਸੀ ਪੰਜਾਬ ਦੀ ਸਨਅਤ ਅਤੇ ਖੇਤੀ ਦੀ ਰੀੜ੍ਹ ਹਨ। ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਣਾ ਨਾ ਸਹੀ ਹੈ ਨਾ ਪੰਜਾਬ ਦੀ ਰਵਾਇਤ ਹੈ। ਇਸ ਮੁੱਦੇ ’ਤੇ ਫਿਰਕੂ ਭੜਕਾਹਟ ਪੈਦਾ ਕਰਨ ਦੀ ਥਾਂ ਉਨ੍ਹਾਂ ਅਸਲ ਕਾਰਨਾਂ ਦੀ ਨਿਸ਼ਾਨਦੇਹੀ ਕਰਨ ’ਤੇ ਜ਼ੋਰ ਦਿੱਤਾ। ਇਸ ਕਰਕੇ ਪੈਦਾ ਨਫ਼ਰਤੀ ਭੜਕਾਹਟ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਇਸ ਸਮੇਂ ਪਾਲ ਸਿੰਘ ਗਹੌਰ, ਸੁਰਜੀਤ ਸਿੰਘ ਬੁਢੇਲ, ਨਿਰਮਲ ਸਿੰਘ ਹਿੱਸੋਵਾਲ, ਗੁਰਮੁਖ ਸਿੰਘ ਨੁਰਪੂਰਾ, ਸੁਰੇਸ਼ ਕੁਮਾਰ, ਚਰਨ ਸਿੰਘ ਸੁਧਾਰ, ਗੁਰਦੀਪ ਸਿੰਘ ਬੈਂਸ, ਦਰਸ਼ਨ ਸਿੰਘ ਸਹੋਲੀ ਮੌਜੂਦ ਸਨ।