ਗ਼ਲਤ ਕੰਮ ਤੋਂ ਰੋਕਣ ’ਤੇ ਪਰਵਾਸੀ ਮਜ਼ਦੂਰ ਵੱਲੋਂ ਪਿੰਡ ਵਾਸੀਆਂ ਨੂੰ ਧਮਕੀ
ਨੇੜਲੇ ਪਿੰਡ ਆਂਡਲੂ ਦੇ ਵਸਨੀਕਾਂ ਨੇ ਅੱਜ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿੰਡ ਦੇ ਇੱਕ ਪਰਵਾਸੀ ਮਜ਼ਦੂਰ ਪਿਰਵਾਰ ਦਾ ਲੜਕਾ ਮੋਹਿਤ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਕੇ ਪਿੰਡ ਵਾਸੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦੇ ਰਿਹਾ ਹੈ। ਪਿੰਡ ਵਾਸੀਆਂ ਨੇ ਅੱਜ ਇਨ੍ਹਾਂ ਧਮਕੀਆਂ ਵਿਰੁੱਧ ਪ੍ਰਦਰਸ਼ਨ ਕੀਤਾ।
ਥਾਣਾ ਸਦਰ ਰਾਏਕੋਟ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਤੱਥਾਂ ਦੀ ਪੁਸ਼ਟੀ ਮਗਰੋਂ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਆਂਡਲੂ ਦੀ ਖੇਤੀਬਾੜੀ ਸਹਿਕਾਰੀ ਸਭਾ ਵਿੱਚ ਸਰਪੰਚ ਹਰਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਵਿਚਾਰ ਚਰਚਾ ਤੋਂ ਬਾਅਦ ਜਸਵਿੰਦਰ ਸਿੰਘ ਜੱਸੀ ਨੇ ਮੋਹਿਤ ਪੁੱਤਰ ਰਾਜੂ ਸਿੰਘ ਖ਼ਿਲਾਫ਼ ਲਿਖਤੀ ਸ਼ਿਕਾਇਤ ਥਾਣਾ ਸਦਰ ਰਾਏਕੋਟ ਵਿੱਚ ਦਿੱਤੀ ਹੈ।
ਸ਼ਿਕਾਇਤਕਰਤਾ ਅਨੁਸਾਰ ਪਰਵਾਸੀ ਮਜ਼ਦੂਰ ਰਾਜੂ ਸਿੰਘ ਪਰਿਵਾਰ ਸਮੇਤ ਲੰਬੇ ਅਰਸੇ ਤੋਂ ਪਿੰਡ ਵਿੱਚ ਰਹਿ ਰਿਹਾ ਹੈ ਤੇ ਉਸ ਦੇ ਪੁੱਤਰ ਮੋਹਿਤ ਦੀਆਂ ਸ਼ੱਕੀ ਗਤੀਵਿਧੀਆਂ ਕਾਰਨ ਪਿੰਡ ਵਾਸੀ ਅਤੇ ਪਿੰਡ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਪਰਿਵਾਰ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਹਿਤ ਪਹਿਲਾਂ ਨੇੜਲੇ ਪਿੰਡ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਪਰਿਵਾਰ ਦੀ ਲੜਕੀ ਨੂੰ ਭਜਾ ਕੇ ਲਿਆਇਆ ਸੀ ਤੇ ਹੁਣ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਪਰਿਵਾਰ ਦੀ ਲੜਕੀ ਨੂੰ ਲੈ ਆਇਆ। ਪੰਚਾਇਤ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਲੜਕੀ ਨੂੰ ਵਾਪਸ ਭੇਜਣ ਲਈ ਕਿਹਾ ਜੋ ਉਸ ਨੇ ਨਹੀਂ ਮੰਨਿਆ। ਇਸ ਮਗਰੋਂ ਪਿੰਡ ਵਾਸੀਆਂ ਨੇ ਪਰਵਾਸੀ ਮਜ਼ਦੂਰ ਪਰਿਵਾਰ ਨੂੰ ਪਿੰਡ ਛੱਡਣ ਲਈ ਕਹਿ ਦਿੱਤਾ। ਪਿੰਡ ਛੱਡਣ ਮਗਰੋਂ ਮੋਹਿਤ ਨੇ ਸੋਸ਼ਲ ਮੀਡੀਆ ’ਤੇ ਧਮਕੀ ਭਰੀ ਵੀਡੀਓ ਪਾਈ, ਜਿਸ ਵਿਰੁੱਧ ਪਿੰਡ ਵਾਸੀਆਂ ਨੇ ਇਕਜੁੱਟ ਹੋ ਕੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ।